ਹੁਣ 3 ਮਹੀਨੇ ਦੀ ਬੱਚੀ ਆਈ ਵਾਇਰਸ ਦੀ ਲਪੇਟ ’ਚ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਨ ਵਿਚ ਫੈਲੇ ਕਰੋਨਾ ਵਰਗੇ ਵਾਇਰਸ ਦਾ ਭਾਰਤ ਵਿਚ ਦੂਜਾ ਕੇਸ ਮਿਲਿਆ ਹੈ। ਇਸ ਵਾਇਰਸ ਦਾ ਨਾਮ ਹਿਊਮਨ ਮੈਟਾਨਿਊਮੋ ਵਾਇਰਸ ਹੈ। ਭਾਰਤ ਵਿਚ ਇਸ ਵਾਇਰਸ ਦੇ ਦੋਵੇਂ ਮਾਮਲੇ ਕਰਨਾਟਕ ਵਿਚ ਮਿਲੇ ਹਨ। ਇਸ ਵਾਇਰਸ ਤੋਂ 8 ਮਹੀਨਿਆਂ ਦਾ ਬੱਚਾ ਅਤੇ 3 ਮਹੀਨਿਆਂ ਦੀ ਬੱਚੀ ਪੀੜਤ ਹੋਈ ਹੈ। ਵਾਇਰਸ ਦੇ ਸੈਂਪਲ ਦੀ ਜਾਂਚ ਹਸਪਤਾਲ ਵਿਚ ਕੀਤੀ ਗਈ ਹੈ, ਹਾਲਾਂਕਿ ਕਰਨਾਟਕ ਦੇ ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਆਪਣੀ ਲੈਬ ਵਿਚ ਨਮੂਨੇ ਦੀ ਜਾਂਚ ਨਹੀਂ ਕਰਵਾਈ। ਇਹ ਰਿਪੋਰਟ ਇੱਕ ਨਿੱਜੀ ਹਸਪਤਾਲ ਤੋਂ ਸਾਹਮਣੇ ਆਈ ਦੱਸੀ ਗਈ ਹੈ।
ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕਰਨਾਟਕ ਵਿਚ ਵਾਇਰਸ ਦੇ ਦੋ ਮਾਮਲਿਆਂ ਦਾ ਪਤਾ ਲੱਗਾ ਹੈ। ਇਹ ਦੋਵੇਂ ਬੱਚੇ ਰੂਟੀਨ ਜਾਂਚ ਦੇ ਲਈ ਹਸਪਤਾਲ ਲਿਆਂਦੇ ਗਏ ਸਨ, ਜਿੱਥੇ ਟੈਸਟ ਕਰਨ ’ਤੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੀਡੀਆ ਰਿਪੋਰਟਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਵਾਇਰਸ ਦਾ ਅਸਰ ਛੋਟੇ ਬੱਚਿਆਂ ’ਤੇ ਦੇਖਿਆ ਜਾ ਰਿਹਾ ਹੈ।