ਸਾਵਣ ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥
ਵਿਆਖਿਆ :-ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ। ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ, ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ। (ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)।16-07-25, ਅੰਗ:-134