ਕੇਂਦਰ ਦੇ ਇਸ ਫੈਸਲੇ ਦੀ ਐਸਜੀਪੀਸੀ ਨੇ ਵੀ ਕੀਤੀ ਸੀ ਨਿੰਦਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਭਾਰਤੀ ਹਵਾਈ ਅੱਡਿਆਂ ’ਤੇ ਕੰਮ ਕਰਨ ਵਾਲੇ ਅੰਮਿ੍ਤਧਾਰੀ ਸਿੱਖ ਮੁਲਾਜ਼ਮਾਂ ’ਤੇ ਕਿਰਪਾਨ ਪਹਿਨਣ ਦੀ ਲਾਈ ਪਾਬੰਦੀ ਦੀ ਨਿਖੇਧੀ ਕੀਤੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਦੀ ਮੰਗ ਵੀ ਕੀਤੀ ਹੈ।
ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਮਿ੍ਤਧਾਰੀ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ’ਤੇ ਪਾਬੰਦੀ ਗਲਤ ਫੈਸਲਾ ਹੈ ਅਤੇ ਇਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਵਿਭਾਗ ਵੀ ਇਸ ਫੈਸਲੇ ਨੂੰ ਵਾਪਸ ਲੈਣ ਲਈ ਲੋੜੀਂਦੇ ਕਦਮ ਚੁੱਕੇ। ਸੰਧਵਾਂ ਨੇ ਕਿਹਾ ਕਿ ਜਿਸ ਦੇਸ਼ ਵਿੱਚ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ ਤਾਂ ਉਸ ਦੇਸ਼ ’ਚ ਨਾਗਰਿਕ ਦੇ ਧਾਰਮਿਕ ਚਿੰਨ੍ਹ ਜਾਂ ਨਿਸ਼ਾਨੀ ਪਹਿਨਣ ’ਤੇ ਪਾਬੰਦੀ ਲਾਉਣੀ ਬਿਲਕੁਲ ਵੀ ਜਾਇਜ਼ ਨਹੀਂ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਐਸਜੀਪੀਸੀ ਨੇ ਵੀ ਨਿੰਦਾ ਕੀਤੀ ਸੀ।