ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਨ ਤੋਂ ਬਾਅਦ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਸਾਲ ਪਹਿਲਾਂ ਪੰਜਾਬ ਦੀ ਵਾਗਡੋਰ ਸੰਭਾਲੀ ਸੀ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਵਾਹ ਲਾ ਰਹੇ ਹਨ।
ਵਿੱਤ ਮੰਤਰੀ ਨੇ ਦੱਸਿਆ ਕਿ ਅੱਜ ਪੰਜਾਬ ਦਾ ਤੀਜਾ ਬਜਟ 2 ਲੱਖ, 4 ਹਜ਼ਾਰ, 918 ਕਰੋੜ ਰੁਪਏ ਦਾ ਸੀ, ਜਿਸ ਵਿੱਚ ਮਾਲੀਆ ਟੈਕਸ 2.77 ਫੀਸਦੀ ਅਤੇ ਵਿੱਤੀ ਘਾਟਾ 3.80 ਫੀਸਦੀ ਤੈਅ ਕੀਤਾ ਗਿਆ ਹੈ, ਜਦੋਂ ਕਿ ਪਿਛਲੇ ਸਾਲ ਮਾਲੀਆ ਘਾਟਾ 3.13 ਫੀਸਦੀ ਸੀ, ਇਸੇ ਤਰ੍ਹਾਂ ਵਿੱਤੀ ਘਾਟਾ ਵੀ 4.12 ਫੀਸਦੀ ਸੀ। ਇਸ ਸਾਲ ਮਾਲੀਆ ਖਰਚਾ 1 ਲੱਖ 27 ਹਜ਼ਾਰ, 134 ਕਰੋੜ ਰੁਪਏ ਤੈਅ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਕਈ ਹੋਰ ਸੈਕਟਰਾਂ ਲਈ ਵੀ ਵੱਡੇ ਐਲਾਨ ਕੀਤੇ ਗਏ ਹਨ। ਸਰਕਾਰ ਦਾ ਤੀਜਾ ਬਜਟ ਵੀ ਲੋਕ ਹਿਤੈਸ਼ੀ ਹੈ ਅਤੇ ਇਸ ਵਿੱਚ ਕੋਈ ਟੈਕਸ ਨਹੀਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਜਨਤਾ ਨੂੰ ਜੋ ਗਰੰਟੀ ਦਿੱਤੀ ਗਈ ਹੈ, ਉਹ ਪੂਰੀ ਕੀਤੀ ਗਈ ਹੈ।