ਅੱਖਾਂ ’ਚ ਇਨਫੈਕਸ਼ਨ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਲੱਗੀ
ਸੰਗਰੂਰ/ਬਿਊਰੋ ਨਿਊਜ਼ : ਸੰਗਰੂਰ ਵਿਚ ਗੰਜੇਪਣ ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਲਗਾਏ ਕੈਂਪ ਵਿੱਚ ਸਿਰ ’ਤੇ ਲਗਾਏ ਤੇਲ ਨੇ ਆਪਣਾ ਅਜਿਹਾ ਰੰਗ ਵਿਖਾਇਆ ਕਿ ਤੇਲ ਲਗਵਾਉਣ ਵਾਲੇ ਵਿਅਕਤੀਆਂ ਦੀਆਂ ਅੱਖਾਂ ਵਿਚ ਇਨਫੈਕਸ਼ਨ ਹੋ ਗਈ। ਕੈਂਪ ਵਿੱਚ ਸਿਰ ’ਤੇ ਤੇਲ ਲਗਵਾਉਣ ਵਾਲਿਆਂ ਦੀਆਂ ਅੱਖਾਂ ’ਚ ਇਨਫੈਕਸ਼ਨ ਹੋਣ ਕਾਰਨ ਸਿਵਲ ਹਸਪਤਾਲ ’ਚ ਪੀੜਤਾਂ ਦਾ ਪੁੱਜਣਾ ਜਾਰੀ ਹੈ। ਇਸ ਘਟਨਾ ਤੋਂ ਬਾਅਦ ਸੰਗਰੂਰ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ। ਉਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡੀਐੱਸਪੀ ਸੰਜੀਵ ਸਿੰਗਲਾ ਤੇ ਥਾਣਾ ਸਿਟੀ ਦੇ ਐੱਸਐੱਚਓ ਮਨਪ੍ਰੀਤ ਸਿੰਘ ਸਿਵਲ ਹਸਪਤਾਲ ਪੁੱਜੇ ਅਤੇ ਪੀੜਤ ਵਿਅਕਤੀਆਂ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਪੀੜਤ ਮਰੀਜ਼ਾਂ ਦੀ ਗਿਣਤੀ ਹੋਰ ਵਧਣ ਦੇ ਆਸਾਰ ਹਨ ਕਿਉਕਿ ਅੱਖਾਂ ਦੀ ਜਲਣ ਤੋਂ ਪੀੜਤ ਨਿੱਜੀ ਹਸਪਤਾਲਾਂ ਵਿਚ ਵੀ ਪੁੱਜ ਰਹੇ ਹਨ।