ਸੰਗਮ ’ਚ ਡੁਬਕੀ ਲਗਾਉਣ ਵਾਲਿਆਂ ਦੀ ਗਿਣਤੀ ਅਮਰੀਕਾ ਦੀ ਅਬਾਦੀ ਤੋਂ ਦੁੱਗਣੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ 45 ਦਿਨ ਤੱਕ ਚੱਲੇ ਮਹਾਂਕੁੰਭ ਦਾ ਲੰਘੇ ਕੱਲ੍ਹ 26 ਫਰਵਰੀ ਨੂੰ ਸੰਪੰਨ ਹੋ ਗਿਆ। ਹਾਲਾਂਕਿ ਅੱਜ ਵੀ ਮੇਲੇ ਵਿਚ ਸ਼ਰਧਾਲੂਆਂ ਦੀ ਭੀੜ ਰਹੀ ਅਤੇ ਸ਼ਰਧਾਲੂ ਅਜੇ ਵੀ ਇਸ਼ਨਾਨ ਕਰਨ ਲਈ ਪਹੁੰਚ ਰਹੇ ਹਨ। ਲੰਘੇ ਕੱਲ੍ਹ ਮਹਾਂ ਸ਼ਿਵਰਾਤਰੀ ਦੇ ਦਿਨ ਇਸ ਮਹਾਂਕੁੰਭ ਦਾ ਅਖਰੀਲਾ ਦਿਨ ਸੀ ਅਤੇ ਇਸ ਦਿਨ ਡੇਢ ਕਰੋੜ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ।
ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਪੂਰੇ 45 ਦਿਨ ਚੱਲੇ ਮਹਾਂਕੁੰਭ ਦੇ ਆਯੋਜਨ ਦੌਰਾਨ ਰਿਕਾਰਡ 66 ਕਰੋੜ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਮਹਾਂਕੁੰਭ ’ਚ ਪਹੁੰਚ ਕੇ ਇਸ਼ਨਾਨ ਕੀਤਾ ਹੈ। ਇਹ ਅੰਕੜਾ ਅਮਰੀਕਾ ਦੀ ਅਬਾਦੀ, ਕਰੀਬ 34 ਕਰੋੜ ਤੋਂ ਦੁੱਗਣਾ ਹੈ। ਸੰਗਮ ਵਿਚ ਡੁਬਕੀ ਲਗਾਉਣ ਵਾਲਿਆਂ ਦੀ ਇਹ ਗਿਣਤੀ 193 ਦੇਸ਼ਾਂ ਦੀ ਜਨਸੰਖਿਆ ਤੋਂ ਜ਼ਿਆਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਦੀ ਆਬਾਦੀ ਮਹਾਂਕੁੰਭ ਵਿਚ ਆਏ ਸ਼ਰਧਾਲੂਆਂ ਤੋਂ ਜ਼ਿਆਦਾ ਹੈ। ਇਸੇ ਦੌਰਾਨ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਤਿਆਨਾਥ ਨੇ ਦਾਅਵਾ ਕੀਤਾ ਕਿ ਦੁਨੀਆ ਵਿਚ ਹਿੰਦੂੁਆਂ ਦੀ ਅੱਧੀ ਅਬਾਦੀ ਦੇ ਬਰਾਬਰ ਲੋਕ ਮਹਾਂਕੁੰਭ ਵਿਚ ਪਹੁੰਚੇ ਹਨ।