ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਦਾ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨਾ ਯਕੀਨੀ ਹੈ। ਪੀਐੱਮਐੱਲ-ਐੱਨ (ਪਾਕਿਸਤਾਨ ਮੁਸਲਿਮ ਲੀਗ-ਨਵਾਜ਼) ਨੇ ਮਰੀਅਮ ਨੂੰ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ।
ਲੰਘੀ 8 ਫਰਵਰੀ ਨੂੰ ਹੋਈਆਂ ਚੋਣਾਂ ਦੌਰਾਨ ਲਹਿੰਦੇ ਪੰਜਾਬ ਸੂਬੇ ਵਿਚ ਪੀਐੱਮਐੱਲ-ਐੱਨ ਨੇ 137 ਜਦਕਿ ਇਮਰਾਨ ਖ਼ਾਨ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰਾਂ ਨੇ 113 ਸੀਟਾਂ ਜਿੱਤੀਆਂ ਹਨ। ਇਸ ਤੋਂ ਇਲਾਵਾ 20 ਹੋਰ ਆਜ਼ਾਦ ਵਿਧਾਇਕ ਪੀਐੱਮਐੱਲ-ਐੱਨ ’ਚ ਸ਼ਾਮਲ ਹੋ ਗਏ ਹਨ। ਉਧਰ ਮਰੀਅਮ ਦੀ ਪਹਿਲਾਂ ਹੀ ਸੁਰੱਖਿਆ ਵਧਾ ਦਿੱਤੀ ਗਈ ਹੈ ਜੋ ਅਕਸਰ ਮੁੱਖ ਮੰਤਰੀ ਨੂੰ ਦਿੱਤੀ ਜਾਂਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਨਵਾਜ਼ ਸਰੀਫ਼ ਦੇ ਭਰਾ ਸ਼ਾਹਬਾਜ਼ ਸਰੀਫ ਦਾ ਪਾਕਿਸਤਾਨ ਦਾ ਪੀਐਮ ਬਣਨਾ ਵੀ ਤੈਅ ਹੀ ਹੈ ਅਤੇ ਆਸਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਬਣਨਗੇ।