ਕੇਜਰੀਵਾਲ ਨੂੰ ਈਡੀ ਦੇ ਮਾਮਲੇ ਵਿਚ ਜ਼ਮਾਨਤ, ਪਰ ਰਿਹਾਈ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਆਬਕਾਰੀ ਨੀਤੀ ਘੁਟਾਲਾ ਮਾਮਲੇ ’ਚ ਘਿਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਕੇਸ ਵਿਚ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ, ਪਰ ਸੀਬੀਆਈ ਮਾਮਲੇ ਵਿਚ ਕੇਜਰੀਵਾਲ ਅਜੇ ਜੇਲ੍ਹ ਵਿਚ ਹੀ ਰਹਿਣਗੇ। ਮਾਨਯੋਗ ਜਸਟਿਸ ਸੰਜੀਵ ਖੰਨਾ ਨੇ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਨੇ 90 ਦਿਨਾਂ ਦੀ ਕੈਦ ਕੱਟੀ ਹੈ ਅਤੇ ਹੁਣ ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ’ਤੇ ਰਿਹਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੇਜਰੀਵਾਲ ਇਕ ਚੁਣੇ ਹੋਏ ਨੇਤਾ ਹਨ।
ਜਸਟਿਸ ਖੰਨਾ ਨੇ ਕਿਹਾ ਕਿ ਅਸੀਂ ਇਹ ਮਾਮਲਾ ਵੱਡੀ ਬੈਂਚ ਨੂੰ ਟਰਾਂਸਫਰ ਕਰ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਅੰਤਰਿਮ ਜ਼ਮਾਨਤ ’ਤੇ ਵੱਡੀ ਬੈਂਚ ਜੇਕਰ ਚਾਹੇ ਤਾਂ ਬਦਲਾਅ ਵੀ ਕਰ ਸਕਦੀ ਹੈ। ਧਿਆਨ ਰਹੇ ਕਿ ਕੇਜਰੀਵਾਲ ਨੂੰ ਇਹ ਜ਼ਮਾਨਤ ਮਨੀ ਲਾਂਡਰਿੰਗ ਮਾਮਲੇ ਵਿਚ ਮਿਲੀ ਹੈ, ਜਿਸ ਨੂੰ ਈਡੀ ਦੇਖ ਰਹੀ ਹੈ। ਕੇਜਰੀਵਾਲ ਖਿਲਾਫ ਦੂਜਾ ਮਾਮਲਾ ਸੀਬੀਆਈ ਦੇਖ ਰਹੀ ਹੈ, ਉਸ ਮਾਮਲੇ ਵਿਚ ਕੇਜਰੀਵਾਲ ਅਜੇ ਤੱਕ ਜੇਲ੍ਹ ਵਿਚ ਹੀ ਰਹਿਣਗੇ।