ਸੋਰਠਿ ਮਹਲਾ ੫ ॥ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ॥ਰਹਾਉ॥
ਵਿਆਖਿਆ :-ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ।੧। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ । ਰਹਾਉ ।26-02-25, ਅੰਗ:-609

                                    
