ਬਿਲਾਵਲੁ ਮਹਲਾ ੪ ॥ ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥ ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥ ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥
ਵਿਆਖਿਆ :- ਹੇ ਭਾਈ! ਗੁਰੂ ਦੇ ਬਚਨ ਸੁਣ ਕੇ (ਇਉਂ ਹੋਇਆ ਹੈ ਜਿਵੇਂ ਮੇਰੇ) ਮਨ ਵਿਚ (ਬਿਰਹੋਂ ਦੇ) ਤੀਰ ਵੱਜ ਗਏ ਹਨ, ਮੇਰੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਗਈ ਹੈ। ਹੇ ਭਾਈ! ਮੇਰੇ) ਮਨ ਦੀ (ਇਸ ਵੇਲੇ ਦੀ) ਪੀੜਾ ਨੂੰ (ਮੇਰਾ ਆਪਣਾ) ਮਨ ਹੀ ਜਾਣਦਾ ਹੈ। ਕੋਈ ਹੋਰ ਪਰਾਈ ਪੀੜ ਨੂੰ ਕੀਹ ਜਾਣ ਸਕਦਾ ਹੈ? । ੧। ਹੇ (ਮੇਰੇ) ਰਾਮ! ਪਿਆਰੇ ਗੁਰੂ ਨੇ (ਮੇਰਾ) ਮਨ ਆਪਣੇ ਵੱਸ ਵਿਚ ਕਰ ਲਿਆ ਹੈ। ਗੁਰੂ ਦਾ ਦਰਸਨ ਕਰ ਕੇ (ਹੁਣ) ਮੈਂ ਆਪਣੀ ਚਤੁਰਾਈ-ਸਿਆਣਪ ਗਵਾ ਬੈਠੀ ਹਾਂ, ਮੇਰਾ ਆਪਣਾ ਆਪ ਮੇਰੇ ਆਪਣੇ ਵੱਸ ਵਿਚ ਨਹੀਂ ਰਿਹਾ (ਮੇਰਾ ਮਨ ਅਤੇ ਮੇਰੇ ਗਿਆਨ-ਇੰਦੇ ਗੁਰੂ ਦੇ ਵੱਸ ਵਿਚ ਹੋ ਗਏ ਹਨ) ।੧। ਰਹਾਉ। 12-07-24, ਅੰਗ:-835