ਗੋਂਡ ਮਹਲਾ ੫ ॥ ਧੂਪ ਦੀਪ ਸੇਵਾ ਗੋਪਾਲ ॥ ਅਨਿਕ ਬਾਰ ਬੰਦਨ ਕਰਤਾਰ ॥ ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥ ਆਠ ਪਹਰ ਗਾਈਐ ਗੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥
ਵਿਆਖਿਆ :- (ਹੇ ਭਾਈ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ) ਜਿਸ ਮਨੁੱਖ ਉਤੇ ਵੱਡੀ ਕਿਸਮਤ ਨਾਲ ਗੁਰੂ ਮੇਹਰਬਾਨ ਹੋ ਪਏ, ਉਹ (ਧੂਪ ਦੀਪ ਆਦਿਕ ਵਾਲੀ) ਸਾਰੀ ਕ੍ਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ, ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਣਾ, ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ ‘ਧੂਪ ਦੀਪ’ ਦੀ ਕ੍ਰਿਆ ਹੈ ।੧। ਭਾਈ! ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ, ਉਸ ਦੀ ਸਿਫ਼ਤਿ-ਸਾਲਾਹ ਅੱਠੇ ਪਹਿਰ (ਹਰ ਵੇਲੇ) ਕਰਨੀ ਚਾਹੀਦੀ ਹੈ।੧।ਰਹਾਉ।12-03-24, ਅੰਗ:-866