17 ਮਹੀਨਿਆਂ ਤੋਂ ਜਾਰੀ ਸੰਘਰਸ਼ ਮੁੜ ਸ਼ੁਰੂ ਹੋਣ ਦਾ ਖ਼ਦਸ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਜ਼ਰਾਈਲ ਨੇ ਅੱਜ ਮੰਗਲਵਾਰ ਸਵੇਰੇ ਗਾਜ਼ਾ ਪੱਟੀ ਵਿਚ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਿਲਸਿਲੇਵਾਰ ਲੜੀਵਾਰ ਹਮਲੇ ਕੀਤੇ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲਿਆਂ ਵਿਚ 200 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ। ਸੈਂਟਰਲ ਗਾਜ਼ਾ ਸਥਿਤ ਅਲ-ਅਕਸਾ ਮਾਰਟਰ ਹਸਪਤਾਲ ਅਧਾਰਿਤ ਮੰਤਰਾਲੇ ਦੇ ਬੁਲਾਰੇ ਖਲੀਲ ਦੇਗਰਾਨ ਨੇ ਤਾਜ਼ਾ ਅੰਕੜੇ ਉਪਲਬਧ ਕਰਵਾਏ।
ਮੰਨਿਆ ਜਾ ਰਿਹਾ ਹੈ ਕਿ ਜਨਵਰੀ ਵਿਚ ਜੰਗਬੰਦੀ ਕਰਾਰ ਦੇ ਅਮਲ ਵਿਚ ਆਉਣ ਤੋਂ ਬਾਅਦ ਇਹ ਗਾਜ਼ਾ ਵਿਚ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਜੰਗਬੰਦੀ ਦੀ ਮਿਆਦ ਵਧਾਉਣ ਲਈ ਗੱਲਬਾਤ ਵਿਚ ਕੋਈ ਖਾਸ ਪ੍ਰਗਤੀ ਨਾ ਹੋਣ ਕਰਕੇ ਉਨ੍ਹਾਂ ਹਮਲੇ ਦੇ ਹੁਕਮ ਦਿੱਤੇ। ਨੇਤਨਯਾਹੂ ਦੇ ਦਫਤਰ ਵਲੋਂ ਕਿਹਾ ਗਿਆ ਕਿ ਇਜ਼ਰਾਈਲ ਹੁਣ ਫੌਜੀ ਤਾਕਤ ਵਧਾ ਕੇ ਹਮਾਸ ਖਿਲਾਫ਼ ਕਾਰਵਾਈ ਕਰੇਗਾ। ਪੂਰੀ ਰਾਤ ਹੋਏ ਹਮਲਿਆਂ ਨੇ ਸ਼ਾਂਤੀ ਦਾ ਦੌਰ ਖ਼ਤਮ ਕਰ ਦਿੱਤਾ ਹੈ ਤੇ 17 ਮਹੀਨਿਆਂ ਤੋਂ ਜਾਰੀ ਸੰਘਰਸ਼ ਮੁੜ ਸ਼ੁਰੂ ਹੋਣ ਦਾ ਖ਼ਦਸ਼ਾ ਵਧ ਗਿਆ ਹੈ।