ਅਮਰੀਕਨ ਏਜੰਸੀ ਐਫਬੀਆਈ ਵੀ ਸੀ ਭਿੰਡਰ ਦੀ ਭਾਲ ’ਚ
ਤਰਨ ਤਾਰਨ/ਬਿਊਰੋ ਨਿਊਜ਼ : ਪੰਜਾਬ ਪੁਲਿਸ ਨੂੰ ਤਰਨ ਤਾਰਨ ’ਚ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਇੰਟਰਨੈਸ਼ਨਲ ਡਰੱਗ ਤਸਕਰ ਸ਼ਹਿਨਾਜ਼ ਸਿੰਘ ਉਰਫ਼ ਸ਼ਾਨ ਭਿੰਡਰ ਨੂੰ ਗਿ੍ਰਫ਼ਤਾਰ ਕਰ ਲਿਆ। ਇਹ ਡਰੱਗ ਤਸਕਰ ਅਮਰੀਕਨ ਏਜੰਸੀ ਐਫਬੀਆਈ ਨੂੰ ਵੀ ਲੋੜੀਂਦਾ ਸੀ ਅਤੇ ਇਸ ਵੱਲੋਂ ਕੋਲੰਬੀਆ ਤੋਂ ਅਮਰੀਕਾ ਅਤੇ ਕੈਨੇਡਾ ’ਚ ਕੋਕੀਨ ਦੀ ਤਸਕਰੀ ਕੀਤੀ ਜਾਂਦੀ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅਮਰੀਕਾ ’ਚ ਉਸ ਦੇ ਕੁੱਝ ਸਾਥੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ।
ਅਮਰੀਕਾ ’ਚ ਆਪਣੇ ਸਾਥੀਆਂ ਦੀ ਹੋਈ ਗਿ੍ਰਫ਼ਤਾਰੀ ਤੋਂ ਬਾਅਦ ਸ਼ਹਿਨਾਜ਼ ਭਿੰਡਰ ਭਾਰਤ ਭੱਜ ਆਇਆ ਸੀ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਉਸ ਦਾ ਪਿੱਛਾ ਕੀਤਾ ਗਿਆ ਜਾ ਰਿਹਾ ਸੀ। ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ। ਇਹ ਕਾਰਵਾਈ ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਸ਼ੁਰੂ ਕੀਤੀ ਗਈ ਜ਼ੀਰੋ ਟੌਲਰੈਂਸ ਨੀਤੀ ਤਹਿਤ ਕੀਤੀ ਗਈ ਹੈ।