ਯਾਤਰੀਆਂ ਨੂੰ ਉੱਚੇ ਪਹਾੜੀ ਇਲਾਕਿਆਂ ਵਿਚ ਨਾ ਜਾਣ ਦੀ ਸਲਾਹ
ਸ਼ਿਮਲਾ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ’ਚ ਭਾਰੀ ਬਰਫਬਾਰੀ ਹੋਈ ਹੈ ਅਤੇ ਬਰਫਬਾਰੀ ਕਾਰਨ ਲਾਹੌਲ ਘਾਟੀ ਨੂੰ ਹਿਮਾਚਲ ਪ੍ਰਦੇਸ਼ ਦੇ ਬਾਕੀ ਹਿੱਸੇ ਨਾਲੋਂ ਕੱਟ ਦਿੱਤਾ ਹੈ। ਬਰਫਬਾਰੀ ਕਰਕੇ ਮਨਾਲੀ-ਲੇਹ ਹਾਈਵੇਅ ਬੰਦ ਹੋ ਗਿਆ ਹੈ ਅਤੇ ਆਮ ਲੋਕਾਂ ਤੇ ਯਾਤਰੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਟਲ ਸੁਰੰਗ ਦੇ ਉੱਤਰੀ ਪੋਰਟਲ ਨੂੰ ਕੇਲੌਂਗ-ਜਿਸਪਾ ਨਾਲ ਜੋੜਨ ਵਾਲੀ ਸੜਕ ’ਤੇ 60 ਸੈਂਟੀਮੀਟਰ ਤੱਕ ਬਰਫ ਜਮ੍ਹਾਂ ਹੋ ਗਈ ਹੈ।
ਲਾਹੌਲ-ਸਪਿਤੀ ਪੁਲਿਸ ਨੇ ਇਕ ਐਡਵਾਈਜ਼ਰੀ ਜਾਰੀ ਕਰਦਿਆਂ ਯਾਤਰੀਆਂ ਨੂੰ ਅਗਲੇ ਹੁਕਮਾਂ ਤੱਕ ਮਨਾਲੀ-ਲੇਹ ਰੂਟ ਵੱਲ ਨਾ ਜਾਣ ਅਤੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ। ਹਾਈਵੇਅ ਬੰਦ ਹੋਣ ਨਾਲ ਆਵਾਜਾਈ ’ਤੇ ਵੀ ਵੱਡਾ ਅਸਰ ਪਿਆ ਹੈ ਅਤੇ ਵਾਹਨ ਚਾਲਕਾਂ ਅਤੇ ਸੈਲਾਨੀਆਂ ਨੂੰ ਆਪਣੀ ਯਾਤਰਾ ਅੱਗੇ ਪਾਉਣ ਦੀ ਸਲਾਹ ਦਿੱਤੀ ਗਈ ਹੈ।