ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਦਿੱਤੀ ਵਧਾਈ
ਅੰਮਿ੍ਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬਰਤਾਨੀਆ ਦੀ ਸਿੱਖਿਆ ਗਰੇਡ ਪ੍ਰਣਾਲੀ ਵਿਚ ਗੁਰਮਤਿ ਸੰਗੀਤ ਨੂੰ ਸ਼ਾਮਿਲ ਕਰਨ ’ਤੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੱਤੀ ਹੈ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਲੰਡਨ ਦੇ ਸੰਗੀਤ ਸਿੱਖਿਆ ਬੋਰਡ ਵਲੋਂ ਆਪਣੀ ਕੌਮਾਂਤਰੀ ਪੱਧਰ ਦੀ ਅੱਠ ਗਰੇਡ ਵਾਲੀ ਸੰਗੀਤ ਪ੍ਰੀਖਿਆ ’ਚ ਗੁਰਮਤਿ ਸੰਗੀਤ ਦੇ ਸਾਜ਼ ਦਿਲਰੁਬਾ, ਸਾਰੰਦਾ, ਤਾਊਸ, ਅਸਰਾਜ ਅਤੇ ਸਾਰੰਗੀ ਨੂੰ ਸ਼ਾਮਿਲ ਕਰਨਾ ਮਾਣ ਵਾਲੀ ਗੱਲ ਹੈ।
ਇਸ ਨਾਲ ਗੁਰਮਤਿ ਸੰਗੀਤ ਦਾ ਅਧਿਐਨ ਕਰਨ ਵਾਲੇ ਹਰ ਸਿਖਿਆਰਥੀ ਨੂੰ ਉਤਸ਼ਾਹ ਮਿਲੇਗਾ ਅਤੇ ਵਿਸ਼ਵ ਭਰ ਦੇ ਲੋਕਾਂ ਨੂੰ ਸੰਗੀਤ ਪਰੰਪਰਾ ’ਚ ਅਦੁੱਤੀ ਸਥਾਨ ਰੱਖਣ ਵਾਲੇ ਅਲੌਕਿਕ ਗੁਰਮਤਿ ਸੰਗੀਤ ਨਾਲ ਜੁੜਣ ਦਾ ਮੌਕਾ ਮਿਲੇਗਾ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਬਰਤਾਨੀਆ ਦੀ ਸਮੂਹ ਸਿੱਖ ਸੰਗਤ ਦੀ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋਇਆ ਹੈ।