ਸੰਗਰੂਰ/ਬਿਊਰੋ ਨਿਊਜ਼ : ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਹਾਹਾਕਾਰ ਵਾਲਾ ਮਾਹੌਲ ਬਣਿਆ ਹੋਇਆ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਭੋਲਾ ਸਿੰਘ (50), ਨਿਰਮਲ ਸਿੰਘ (42), ਪ੍ਰਗਟ ਸਿੰਘ (42) ਅਤੇ ਜਗਜੀਤ ਸਿੰਘ (30) ਦੀ ਮੌਤ ਹੋ ਗਈ ਹੈ ਅਤੇ ਇਨ੍ਹਾਂ ਮੌਤਾਂ ਕਾਰਨ ਪਿੰਡ ’ਚ ਸੋਗ ਦੀ ਲਹਿਰ ਹੈ।
ਇਹ ਚਾਰੇ ਮਿ੍ਤਕ ਵਿਅਕਤੀ ਦਲਿਤ ਪਰਿਵਾਰਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਥਾਣਾ ਦਿੜ੍ਹਬਾ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਿਆਨ ਰਹੇ ਕਿ ਪਿਛਲੇ ਸਮੇਂ ਦੌਰਾਨ ਤਰਨਤਾਰਨ ’ਚ ਵੀ ਜ਼ਹਿਰਲੀ ਸ਼ਰਾਬ ਪੀਣ ਨਾਲ ਕਈ ਵਿਅਕਤੀਆਂ ਦੀ ਜਾਨ ਚਲੇ ਗਈ ਸੀ।