ਕਿਹਾ : ਜਦੋਂ ਤੱਕ ਝੋਨੇ ਦੀ ਲਿਫਟਿੰਗ ਸ਼ੁਰੂ ਨਹੀਂ ਹੁੰਦੀ ਉਤੋਂ ਤੱਕ ਨਹੀਂ ਖੁੱਲ੍ਹਣਗੇ ਰਸਤੇ
ਸੰਗਰੂਰ/ਬਿਊਰੋ ਨਿਊਜ਼ : ਪੰਜਾਬ ਵਿਚ ਝੋਨੇ ਦੀ ਲਿਫਟਿੰਗ ਨਾ ਹੋਣ ਤੋਂ ਨਾਰਾਜ਼ ਚੱਲ ਰਹੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਪੰਜਾਬ ਦੇ ਚਾਰ ਹਾਈਵੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਹਨ। ਕਿਸਾਨ ਸ਼ਨੀਵਾਰ ਨੂੰ 1 ਵਜੇ ਸੜਕਾਂ ’ਤੇ ਬੈਠ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਮੰਡੀਆਂ ਵਿਚੋਂ ਝੋਨੇ ਦੀ ਲਿਫਟਿੰਗ ਸ਼ੁਰੂ ਨਹੀਂ ਹੋ ਜਾਂਦੀ ਉਦੋਂ ਤੱਕ ਰਸਤੇ ਨਹੀਂ ਖੁੱਲ੍ਹਣਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ।
ਕਿਸਾਨ ਮਜ਼ਦੂਰ ਮੋਰਚੇ ਅਤੇ ਕਿਸਾਨ ਸੰਯੁਕਤ ਮੋਰਚਾ (ਗੈਰ ਰਾਜਨੀਤਿਕ) ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸ਼ਨੀਵਾਰ ਨੂੰ 1 ਵਜੇ ਤੋਂ ਪੰਜਾਬ ਦੇ 4 ਹਾਈਵੇ ਜਾਮ ਕਰ ਦਿੱਤੇ ਗਏ ਹਨ। ਜਿਨ੍ਹਾਂ ਵਿਚ ਬਡਰੁੱਖਾਂ-ਸੰਗਰੂਰ, ਸਠਿਆਲੀ ਪੁਲ-ਗੁਰਦਾਸਪੁਰ, ਡਗਰੂ-ਮੋਗਾ, ਫਗਵਾੜਾ-ਕਪੂਰਥਲਾ ਹਾਈਵੇ ਸ਼ਾਮਲ ਹਨ। ਪੰਧੇਰ ਨੇ ਕਿਹਾ ਕਿ ਕਿਸਾਨ ਪੰਜਾਬ ਦੀ ਅਰਥ ਵਿਵਸਥਾ ਨਾ ਜੁੜਿਆ ਹੈ ਜੇਕਰ ਕਿਸਾਨ ਖਤਮ ਹੋ ਗਿਆ ਤਾਂ ਪੰਜਾਬ ਖਤਮ ਹੋ ਜਾਵੇਗਾ। ਉਨ੍ਹਾਂ ਜਦੋਂ ਸੜਕਾਂ ਰੁਕਣਗੀਆਂ, ਮੁਸ਼ਕਿਲ ਪੈਦਾ ਹੋਵੇਗੀ ਤਦ ਹੀ ਸਮੱਸਿਆ ਦਾ ਹੱਲ ਹੋਵੇਗਾ। ਉਨ੍ਹਾਂ ਸੜਕਾਂ ’ਤੇ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਜਿਨ੍ਹਾਂ ਵਿਚ ਐਂਬੂਲੈਂਸ, ਏਅਰਪੋਰਟ ’ਤੇ ਜਾਣ ਵਾਲੇ ਵਾਹਨ, ਵਿਆਹ ਸਮਾਗਮ ਜਾਂ ਕਿਸੇ ਭੋਗ ਆਦਿ ’ਤੇ ਜਾਣ ਵਾਲਿਆਂ ਨੂੰ ਨਹੀਂ ਰੋਕਿਆ ਜਾਵੇਗਾ।