ਭੂਚਾਲ ਕਾਰਨ ਕਈ ਘਰਾਂ ਨੂੰ ਆਈਆਂ ਤਰੇੜਾਂ
ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਵਿਚ ਅੱਜ ਮੰਗਲਵਾਰ ਸਵੇਰੇ ਭੂਚਾਲ ਦੇ ਲਗਾਤਾਰ ਦੋ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਦੇ ਅਨੁਸਾਰ ਭੂਚਾਲ ਦਾ ਪਹਿਲਾ ਝਟਕਾ 4.9 ਅਤੇ ਦੂਜਾ 4.8 ਦੀ ਗਤੀ ਵਾਲਾ ਸੀ। ਇਸ ਭੂਚਾਲ ਕਾਰਨ ਕਈ ਘਰਾਂ ਨੂੰ ਤਰੇੜਾਂ ਆ ਗਈਆਂ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਸਥਾਨਕ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦਾ ਪਹਿਲਾ ਝਟਕਾ ਸਵੇਰੇ 6 ਵੱਜ ਕੇ 45 ਮਿੰਟ ਅਤੇ ਦੂਜਾ ਝਟਕਾ ਇਸ ਤੋਂ ਥੋੜ੍ਹੀ ਹੀ ਦੇਰ ਬਾਅਦ 6 ਵੱਜ ਕੇ 52 ਮਿੰਟ ’ਤੇ ਲੱਗਾ। ਇਸ ਭੂਚਾਲ ਦਾ ਕੇਂਦਰ ਬਾਰਾਮੂੁਲਾ ਦੱਸਿਆ ਗਿਆ ਅਤੇ ਪਹਿਲਾ ਝਟਕਾ ਜ਼ਮੀਨ ਤੋਂ 5 ਅਤੇ ਦੂਜਾ 10 ਕਿਲੋਮੀਟਰ ਹੇਠਾਂ ਸੀ। ਜ਼ਿਕਰਯੋਗ ਹੈ ਕਿ ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਭੂਚਾਲ ਸਬੰਧੀ ਮੈਪ ਵਿਚ ਕਸ਼ਮੀਰ ਘਾਟੀ ਦਾ ਖੇਤਰ ਸਭ ਤੋਂ ਖਤਰਨਾਕ ਜ਼ੋਨ 5 ਵਿਚ ਆਉਂਦਾ ਹੈ।