ਪੰਜਾਬ ਦੇ ਪਿੰਡਾਂ ’ਚ ਨਸ਼ਿਆਂ ਦੀ ਰੋਕਥਾਮ ਲਈ ਕਮੇਟੀਆਂ ਦਾ ਕੀਤਾ ਗਿਆ ਗਠਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਵਿਚ ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਸਖਤੀ ਕਰ ਦਿੱਤੀ ਹੈ। ਡੀਜੀਪੀ ਨੇ ਪੰਜਾਬ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਜਨਤਾ ਦੀ ਲੜਾਈ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ’ਤੇ ਰੋਕ ਲਗਾਉਣ ਲਈ ਸੂਬਾ ਪੁਲਿਸ ਵਲੋਂ ਪਿੰਡਾਂ ਵਿਚ ਵਿਲੇਜ਼ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ 93 ਫੀਸਦੀ ਪਿੰਡਾਂ ਵਿਚ ਇਹ ਕੰਮ ਮੁਕੰਮਲ ਵੀ ਹੋ ਚੁੱਕਾ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 17 ਜੂਨ ਨੂੰ ਹਾਈ ਲੈਵਲ ਰੀਵਿਊ ਕਮੇਟੀ ਦੀ ਬੈਠਕ ਸੱਦੀ ਸੀ, ਜਿਸ ਵਿਚ 3 ਸੂਤਰੀ ਰਣਨੀਤੀ ਬਣਾ ਕੇ ਪੰਜਾਬ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਸਨ। ਇਸ ਫੈਸਲੇ ਤੋਂ ਬਾਅਦ ਹੀ ਵਿਲੇਜ਼ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਵਲੋਂ ਨਸ਼ਿਆਂ ਸਬੰਧੀ ਪੁਲਿਸ ਨੂੰ ਜੋ ਵੀ ਸੂਚਨਾ ਦਿੱਤੀ ਜਾਵੇਗੀ, ਉਸਦੇ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।