ਮੋਦੀ ਬੋਲੀ : ਵਿਕਾਸ ਨੂੰ ਨਜ਼ਰ ਨਾ ਲੱਗੇ, ਕਾਂਗਰਸ ਨੇ ਬਲੈਕ ਪੇਪਰ ਲਿਆ ਕੇ ਲਗਾਇਆ ਕਾਲਾ ਟਿੱਕਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਵੱਲੋਂ ਅੱਜ ਵੀਰਵਾਰ ਨੂੰ ਨਵੀਂ ਦਿੱਲੀ ’ਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਖੜਗੇ ਵੱਲੋਂ ਮੋਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਨੂੰ ਲੈ ਇਕ ਬਲੈਕ ਪੇਪਰ ਜਾਰੀ ਕੀਤਾ ਗਿਆ। ਖੜਗੇ ਨੇ ਕਿਹਾ ਕਿ ਭਾਜਪਾ ਨੇ 10 ਸਾਲਾਂ ਦੌਰਾਨ 411 ਵਿਰੋਧੀ ਧਿਰਾਂ ਦੇ ਵਿਧਾਇਕਾਂ ਨੂੰ ਭਾਜਪਾ ’ਚ ਮਿਲਾਇਆ ਅਤੇ ਕਈ ਰਾਜਾਂ ’ਚ ਸਰਕਾਰਾਂ ਗਿਰਾ ਕੇ ਆਪਣੀਆਂ ਸਰਕਾਰਾਂ ਬਣਾਈਆਂ।
ਭਾਜਪਾ ਇਹ ਸਭ ਕਰਕੇ ਸਾਨੂੰ ਹਰਾਸ ਅਤੇ ਪ੍ਰੈਸ਼ਰਾਈਜ਼ ਕਰਕੇ ਡੈਮੋਕਰੇਸੀ ਨੂੰ ਖਤਮ ਕਰਨਾ ਚਾਹੁੰਦੀ ਹੈ। ਉਧਰ ਕਾਂਗਰਸ ਪਾਰਟੀ ਵੱਲੋਂ ਲਿਆਂਦੇ ਗਏ ਬਲੈਕ ਪੇਪਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ 10 ਸਾਲਾਂ ਦੌਰਾਨ ਬਹੁਤ ਵਿਕਾਸ ਕੀਤਾ ਹੈ। ਸਾਡੇ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਇਸ ਲਈ ਮੈਂ ਕਾਂਗਰਸ ਪਾਰਟੀ ਦੇ ਬਲੈਕ ਪੇਪਰ ਨੂੰ ਕਾਲਾ ਟਿੱਕਾ ਮੰਨਦਾ ਹਾਂ।


