ਪੰਜਾਬ ਵਿਚ ਮੱਧੂ ਮੱਖੀ ਪਾਲਕਾਂ ਦੀਆਂ ਮੁਸ਼ਕਲਾਂ ਸਬੰਧੀ ਮੰਤਰੀ ਨੂੰ ਕਰਵਾਇਆ ਜਾਣੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਸ੍ਰੀ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਹੈ। ਡਾ. ਅਮਰ ਸਿੰਘ ਨੇ ਪੰਜਾਬ ਵਿਚ ਮੱਧੂ ਮੱਖੀ ਪਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ ਹੈ। ਕਾਂਗਰਸੀ ਸੰਸਦ ਮੈਂਬਰ ਨੇ ਮੰਤਰੀ ਨੂੰ ਦੱਸਿਆ ਕਿ ਭਾਰਤ ਵਿਚ ਸ਼ੁੱਧ ਅਤੇ ਕੁਦਰਤੀ ਸ਼ਹਿਦ ਦਾ ਉਤਪਾਦਨ ਸਿਰਫ 50 ਹਜ਼ਾਰ ਟਨ ਹੈ, ਜਦੋਂ ਕਿ ਸਰਕਾਰੀ ਅਨੁਮਾਨ ਇਸਦੀ ਦੁੱਗਣੀ ਮਾਤਰਾ ਦਰਸਾਉਂਦਾ ਹੈ।
ਡਾ. ਅਮਰ ਸਿੰਘ ਨੇ ਦੱਸਿਆ ਕਿ ਮੱਧੂ ਮੱਖੀ ਪਾਲਕਾਂ ਦਾ ਕਹਿਣਾ ਹੈ ਕਿ ਇਹ ਨਕਲੀ ਸ਼ਹਿਦ ਦੀ ਵਿਕਰੀ ਦਾ ਕਾਰਨ ਹੈ। ਸੰਸਦ ਮੈਂਬਰ ਨੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਕੁਦਰਤੀ ਸ਼ਹਿਦ ਦੀ ਮੰਗ ਵਿਚ ਗਿਰਾਵਟ ਆਈ ਹੈ, ਕਿਉਂਕਿ ਮਿਲਾਵਟੀ ਉਤਪਾਦ ਸਸਤੀਆਂ ਦਰਾਂ ’ਤੇ ਵਿਕ ਰਹੇ ਹਨ। ਜਿਸਦਾ ਦਾ ਸਭ ਤੋਂ ਜ਼ਿਆਦਾ ਨੁਕਸਾਨ ਛੋਟੇ ਮੱਧੂ ਮੱਖੀ ਪਾਲਕਾਂ ਨੂੰ ਹੋ ਰਿਹਾ ਹੈ। ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਭਰੋਸਾ ਦਿੱਤਾ ਹੈ ਕਿ ਇਸ ਸਾਰੇ ਮਾਮਲੇ ਨੂੰ ਕੇਂਦਰ ਸਰਕਾਰ ਦੇਖੇਗੀ ਅਤੇ ਪੰਜਾਬ ਵਿਚ ਮੱਧੂ ਮੱਖੀ ਪਾਲਕਾਂ ਦੀ ਹਰ ਸੰਭਵ ਸਹਾਇਤਾ ਕਰੇਗੀ।


