ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਦੇ ਚੱਬੇਵਾਲ ਵਿੱਚ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ । ਇਸ ਮੌਕੇ ਜਿੱਥੇ ਉਹਨਾਂ ਨੇ ਹੁਸ਼ਿਆਰਪੁਰ ਦੇ ਸੂਝਵਾਨ ਵੋਟਰਾਂ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਵੱਡੇ ਹਮਲੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਦੀਆਂ ਪੁਰਾਣੀਆਂ ਸਰਕਾਰਾਂ ਨੇ ਨੌਜਵਾਨਾਂ ਦੇ ਲਈ ਕੁਝ ਨਹੀਂ ਕੀਤਾ ।
ਨਾ ਤਾਂ ਇੱਥੇ ਵਪਾਰ ਨੂੰ ਵਾਧਾ ਦਿੱਤਾ ਗਿਆ ਹੈ ਤੇ ਨਾ ਹੀ ਨੌਜਵਾਨਾਂ ਦੇ ਲਈ ਨੌਕਰੀਆਂ ਦੇ ਮੌਕੇ ਪ੍ਰਦਾਨ ਕੀਤੇ ਗਏ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਿਵੇਸ਼ ਦੇ ਨਾਲ ਨਾਲ ਨੌਜਵਾਨਾਂ ਦੇ ਲਈ ਰੁਜ਼ਗਾਰ ਦੇ ਮੌਕੇ ਬਣਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਬਾਹਰ ਨਾ ਜਾਣਾ ਪਵੇ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਹੈ ਕੀ ਪੰਜਾਬ ਦੇ ਮੁੰਡੇ ਕੁੜੀਆਂ ਪੰਜਾਬ ਵਿੱਚ ਹੀ ਰਹਿ ਕੇ ਰੁਜ਼ਗਾਰ ਕਰਨ ਇਸਦੇ ਲਈ ਪੰਜਾਬ ਸਰਕਾਰ ਉਹਨਾਂ ਦੀ ਹਰ ਸੰਭਵ ਮਦਦ ਕਰੇਗੀ ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਉੱਪਰ ਆਮ ਆਦਮੀ ਪਾਰਟੀ ਚਲਦੀ ਹੈ ਕਿਉਂਕਿ ਉਹ ਇਮਾਨਦਾਰੀ ਦੀ ਰਾਜਨੀਤੀ ਕਰਦੇ ਹਨ ਉਹਨਾਂ ਕਿਹਾ ਕਿ ਸੂਬੇ ਵਿੱਚ ਸ਼ੁਰੂ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਉਦਯੋਗ ਨੂੰ ਅਸੀਂ ਪੂਰੀ ਤਰ੍ਹਾਂ ਸਮਰਥਨ ਕਰਾਂਗੇ ਤਾਂ ਜੋ ਸੂਬੇ ਦੇ ਵਿੱਚ ਰੈਵਨਿਊ ਵੀ ਵਧਾਇਆ ਜਾਵੇ ਅਤੇ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਮਿਲੇ । ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਸੂਬੇ ਦੀ ਆਰਥਿਕਤਾ ਬਾਰੇ ਪੁੱਛਣਾ ਹੋਵੇ ਤਾਂ ਮਹਿਲਾ ਸ਼ਕਤੀ ਤੋਂ ਵੱਧ ਚੰਗੀ ਤਰ੍ਹਾਂ ਇਸ ਨੂੰ ਕੋਈ ਨਹੀਂ ਸਮਝਾ ਸਕਦਾ ਕਿਉਂਕਿ ਘਰ ਦਾ ਚੁੱਲਾ ਕਿਸ ਤਰਾਂ ਚਲਾਉਣਾ ਹੈ ਉਹ ਸਿਰਫ ਔਰਤ ਹੀ ਜਾਣਦੀ ਹੈ ।