ਅਮਰੀਕੀ ਰਾਸ਼ਟਰਪਤੀ ਨੇ ਜੰਗਬੰਦੀ ਨੂੰ ਚੰਗੀ ਖਬਰ ਦੱਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਜ਼ਰਾਈਲ ਦੀ ਵਾਰ ਕੈਬਨਿਟ ਨੇ ਲਿਬਨਾਨ ਵਿਚ ਇਜ਼ਰਾਈਲ ਅਤੇ ਹਿਜਬੁੱਲਾ ਵਿਚਾਲੇ 60 ਦਿਨ ਦੇ ਲਈ ਜੰਗਬੰਦੀ ਸਮਝੌਤੇ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਨੂੰ ਲੈ ਕੇ ਲੰਘੀ ਦੇਰ ਰਾਤ ਤੱਕ ਕੈਬਨਿਟ ਦੀ ਮੀਟਿੰਗ ਹੋਈ ਸੀ ਅਤੇ ਇਸ ਨੂੰ 10-1 ਨਾਲ ਮਨਜੂਰੀ ਮਿਲ ਗਈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਪਹਿਲਾਂ ਹੀ ਜੰਗਬੰਦੀ ਦੇ ਪਲਾਨ ਨੂੰ ਮਨਜੂਰੀ ਦੇ ਚੁੱਕੇ ਹਨ।
ਉਧਰ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਜੰਗਬੰਦੀ ਨੂੰ ਚੰਗੀ ਖਬਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੰਗਬੰਦੀ ਦੇ ਲਈ ਉਨ੍ਹਾਂ ਨੇ ਨੇਤਨਯਾਹੂ ਅਤੇ ਲਿਬਨਾਨ ਦੇ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨਾਲ ਗੱਲਬਾਤ ਕੀਤੀ ਸੀ। ਇਸੇ ਦੌਰਾਨ ਜੋਅ ਬਾਈਡਨ ਨੇ ਕਿਹਾ ਕਿ ਜੰਗਬੰਦੀ ਦਾ ਮਤਲਬ ਜੰਗ ਨੂੰ ਹਮੇਸ਼ਾ ਦੇ ਲਈ ਖਤਮ ਕਰਨਾ ਹੈ। ਬਾਈਡਨ ਨੇ ਇਹ ਵੀ ਕਿਹਾ ਕਿ ਜੇਕਰ ਹਿਜਬੁੱਲਾ ਜਾਂ ਕੋਈ ਹੋਰ ਸਮਝੌਤੇ ਦੀ ਉਲੰਘਣਾ ਕਰਦਾ ਹੈ ਅਤੇ ਇਜ਼ਰਾਈਲ ਦੇ ਲਈ ਖਤਰਾ ਪੈਦਾ ਕਰਦਾ ਹੈ ਤਾਂ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ, ਇਜ਼ਰਾਈਲ ਨੂੰ ਆਪਣੀ ਸੁਰੱਖਿਆ ਕਰਨ ਦਾ ਅਧਿਕਾਰ ਹੋਵੇਗਾ।