ਵਿਧਾਇਕਾਂ ਨੂੰ ਤਾਂ ਤਨਖਾਹ ਨਹੀਂ ਮਿਲ ਰਹੀ : ਸਾਬਕਾ ਮੇਅਰ ਦਾ ਆਰੋਪ
ਜੰਮੂ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਲਈ 7 ਫਾਰਚੂਨਰ ਅਤੇ 1 ਰੇਂਜ ਰੋਵਰ ਕਾਰ ਖਰੀਦੀ ਜਾਵੇਗੀ। ਇਨ੍ਹਾਂ 8 ਕਾਰਾਂ ਦੀ ਕੁੱਲ ਕੀਮਤ 3 ਕਰੋੜ ਰੁਪਏ ਹੋਵੇਗੀ। ਇਨ੍ਹਾਂ ਵਿਚ 4 ਗੱਡੀਆਂ ਮੁੱਖ ਮੰਤਰੀ ਦੇ ਵੱਖ-ਵੱਖ ਦੌਰਿਆਂ ਦੇ ਲਈ ਦਿੱਲੀ ਵਿਚ ਰੱਖੀਆਂ ਜਾਣਗੀਆਂ, ਜਦੋਂ ਕਿ ਦੋ ਕਾਰਾਂ ਸ੍ਰੀਨਗਰ ਅਤੇ ਦੋ ਕਾਰਾਂ ਜੰਮੂ ਵਿਚ ਰੱਖੀਆਂ ਜਾਣਗੀਆਂ।
ਇਸੇ ਦੌਰਾਨ ਸ੍ਰੀਨਗਰ ਦੇ ਸਾਬਕਾ ਮੇਅਰ ਜੁਨੈਦ ਮੱਟੂ ਨੇ ਆਰੋਪ ਲਗਾਉਂਦਿਆਂ ਕਿਹਾ ਹੈ ਕਿ ਇਕ ਪਾਸੇ ਵਿਧਾਇਕਾਂ ਨੂੰ ਪਹਿਲੀ ਤਨਖਾਹ ਨਹੀਂ ਮਿਲੀ ਹੈ, ਦੂਜੇ ਪਾਸੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਰਾਜਸ਼ਾਹੀ ਘੱਟ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦਾ ਦਰਜਾ ਘੱਟ ਹੋਇਆ ਹੈ, ਪਰ ਅਬਦੁੱਲਾ ਰਾਜਸ਼ਾਹੀ ਦਾ ਨਹੀਂ।
ਮੀਡੀਆ ਰਿਪੋਰਟਾਂ ਅਨੁਸਾਰ ਜੰਮੂ ਕਸ਼ਮੀਰ ਵਿਧਾਨ ਸਭਾ ਲਈ ਨਵੇਂ ਚੁਣੇ 90 ਵਿਧਾਇਕਾਂ ਦੀ ਪਹਿਲੀ ਤਨਖਾਹ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਅਬਦੁਲ ਰਹੀਮ ਰਾਥਰ ਨੇ ਸੂਬਾ ਸਰਕਾਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਤਨਖਾਹ ਨੂੰ ਲੈ ਕੇ ਸਰਕਾਰ ਕੋਲੋਂ ਸਪੱਸ਼ਟੀਕਰਨ ਵੀ ਮੰਗਿਆ ਹੈ।