ਚੰਡੀਗੜ੍ਹ/ਬਿਊਰੋ ਨਿਊਜ਼: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 34ਵੇਂ ਦਿਨ ਦਾਖਿਲ ਹੋ ਗਿਆ ਹੈ। ਡਲੇਵਾਲ ਨੇ ਸੁਪਰੀਮ ਕੋਰਟ ਦੇ ਉੱਤੇ ਸਵਾਲ ਚੁੱਕੇ ਹਨ ਉਹਨਾਂ ਕਿਹਾ ਕਿ ਸਾਡੀਆਂ ਮੰਗਾਂ ਕੇਂਦਰ ਸਰਕਾਰ ਦੇ ਅੱਗੇ ਹਨ ਜਦਕਿ ਕੋਰਟ ਇਸ ਮੁੱਦੇ ਨੂੰ ਪੰਜਾਬ ਸਰਕਾਰ ਤੱਕ ਹੀ ਸੀਮਤ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਐਮਐਸਪੀ ਗਾਰੰਟੀ ਐਕਟ ਦੇ ਮੁੱਦੇ ‘ਤੇ ਸੰਸਦ ਦੀ ਕਮੇਟੀ ਅਤੇ ਸੁਪਰੀਮ ਕੋਰਟ ਦੀਆਂ ਸਿਫ਼ਾਰਸ਼ਾਂ ਨੂੰ ਵੀ ਲਾਗੂ ਨਹੀਂ ਕਰ ਰਹੀ ਹੈ। ਇੱਕ ਪਾਸੇ ਕਿਸਾਨਾਂ ਨੇ ਪੰਜਾਬ ਬੰਦ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਹਰਿਆਣਾ ਵਿੱਚ ਬੁਲਾਈ ਗਈ ਖਾਪ ਪੰਚਾਇਤ: ਦੂਜੇ ਪਾਸੇ ਹਰਿਆਣਾ ਦੇ ਹਿਸਾਰ ਦੇ ਬਾਸ ਪਿੰਡ ਵਿੱਚ ਅੱਜ ਮਹਾਪੰਚਾਇਤ ਬੁਲਾਈ ਗਈ ਹੈ। ਜਿਸ ਵਿੱਚ ਖਾਪਾਂ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਖਾਪ ਦੇ ਨੁਮਾਇੰਦਿਆਂ ਨੂੰ 29 ਦਸੰਬਰ ਨੂੰ ਪਿੰਡ ਬਾਸ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ। ਡੱਲੇਵਾਲ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲਦਾ ਤਾਂ ਉਸ ਦੀ ਆਖਰੀ ਉਮੀਦ ਸੁਪਰੀਮ ਕੋਰਟ ਤੋਂ ਹੀ ਹੁੰਦੀ ਹੈ। ਪਰ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਦੇਖ ਕੇ ਇੰਝ ਜਾਪਦਾ ਹੈ ਕਿ ਜਿਵੇਂ ਉਹ ਵੀ ਸਰਕਾਰ ਕਿਸਾਨਾਂ ‘ਤੇ ਗੋਲੀ ਚਲਾਉਣੀ ਚਾਹੁੰਦੇ ਹਨ।
ਡੱਲੇਵਾਲ ਦੀ ਸਰਕਾਰ ਨੂੰ ਦੋ ਟੂਕ: ਉਨ੍ਹਾਂ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਮਰਨ ਵਰਤ ‘ਤੇ ਹਨ। ਉਨ੍ਹਾਂ ‘ਤੇ ਕੋਈ ਦਬਾਅ ਨਹੀਂ ਹੈ। ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਇਹ ਭੁਲੇਖਾ ਫੈਲਾਉਣ ਦੀ ਸੋਚੀ-ਸਮਝੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਦੇ ਦਬਾਅ ਹੇਠ ਹਨ। ਉਹ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਮਰਨ ਵਰਤ ‘ਤੇ ਬੈਠੇ ਹਨ।