ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਸਮਰਥਨ ਕਰਨਗੇ ਜੋਅ ਬਾਈਡਨ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਗਲੀਆਂ ਰਾਸ਼ਟਰਪਤੀ ਚੋਣਾਂ ਨਹੀਂ ਲੜਨਗੇ। ਚੋਣਾਂ ਤੋਂ 4 ਮਹੀਨੇ ਪਹਿਲਾਂ ਉਨ੍ਹਾਂ ਨੇ ਚਿੱਠੀ ਲਿਖ ਕੇ ਇਸ ਸਬੰਧੀ ਐਲਾਨ ਕਰ ਦਿੱਤਾ ਹੈ। ਬਾਈਡਨ ਨੇ ਕਿਹਾ ਕਿ ਮੈਂ ਦੇਸ਼ ਅਤੇ ਪਾਰਟੀ ਹਿੱਤ ਦੇ ਲਈ ਚੋਣਾਂ ਤੋਂ ਬਾਹਰ ਹੋ ਰਿਹਾ ਹਾਂ। ਬਾਈਡਨ ਨੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਦੇ ਨਾਲ ਹੀ ਡੈਮੋਕਰੇਟਿਕ ਪਾਰਟੀ ਦੀ ਪ੍ਰੈਜੀਡੈਂਸ਼ੀਅਲ ਉਮੀਦਵਾਰ ਦੇ ਤੌਰ ’ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਨਾਮ ਅੱਗੇ ਵਧਾਇਆ ਹੈ।
ਧਿਆਨ ਰਹੇ ਕਿ ਅਮਰੀਕਾ ਵਿਚ ਲੰਘੀ 28 ਜੂਨ ਨੂੰ ਹੋਈ ਪ੍ਰੈਜੀਡੈਂਸ਼ੀਅਲ ਡਿਬੇਟ ਤੋਂ ਬਾਅਦ ਬਾਈਡਨ ਦੀ ਡੈਮੋਕਰੇਟਿਕ ਪਾਰਟੀ ਦੇ ਆਗੂ ਇਹ ਮੰਗ ਕਰ ਰਹੇ ਸਨ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਛੱਡ ਦੇਣ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਲੈ ਕੇ ਪਾਰਟੀ ਦੀ ਸਭ ਤੋਂ ਸੀਨੀਅਰ ਆਗੂ ਨੈਨਸੀ ਪੇਲੋਸੀ ਵੀ ਉਨ੍ਹਾਂ ਨੂੰ ਪ੍ਰੈਜੀਡੈਂਸ਼ੀਅਲ ਦੌੜ ਵਿਚੋਂ ਬਾਹਰ ਹੋਣ ਨੂੰ ਕਹਿ ਚੁੱਕੀ ਸੀ। ਉਧਰ ਦੂਜੇ ਪਾਸੇ ਡੋਨਾਲਡ ਟਰੰਪ ਨੇ ਕਿਹਾ ਕਿ ਬਾਈਡਨ ਕਦੀ ਵੀ ਰਾਸ਼ਟਰਪਤੀ ਅਹੁਦੇ ਦੇ ਲਾਇਕ ਹੀ ਨਹੀਂ ਸਨ। ਟਰੰਪ ਨੇ ਜੋਅ ਬਾਈਡਨ ਨੂੰ ਧੋਖੇਬਾਜ਼ ਵੀ ਦੱਸਿਆ।