ਯੂਕਰੇਨੀ ਲੋਕਾਂ ਨੂੰ ਸ਼ਾਂਤੀ ਨਾਲ ਜੀਣ ਦਾ ਹੱਕ : ਜੋਅ ਬਾਈਡਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਯੂਕਰੇਨ ’ਤੇ ਹੋਏ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ ਦੀ ਨਿੰਦਾ ਕੀਤੀ ਹੈ। ਬਾਈਡਨ ਨੇ ਆਰੋਪ ਲਗਾਇਆ ਕਿ ਰੂਸ ਨੇ ਮਿਜ਼ਾਈਲ ਅਤੇ ਡਰੋਨ ਹਮਲੇ ਦੇ ਜ਼ਰੀਏ ਯੂਕਰੇਨ ਦੀ ਐਨਰਜੀ ਗਰਿਡ ਨੂੰ ਨਿਸ਼ਾਨਾ ਬਣਾਇਆ ਹੈ। ਇਸਦੇ ਜ਼ਰੀਏ ਰੂਸ ਸਰਦੀ ਦੇ ਮੌਸਮ ਵਿਚ ਯੂਕਰੇਨੀ ਲੋਕਾਂ ਦੀ ਬਿਜਲੀ ਸਪਲਾਈ ਕੱਟਣਾ ਚਾਹੁੰਦਾ ਹੈ। ਇਸਦੇ ਚੱਲਦਿਆਂ ਜੋਅ ਬਾਈਡਨ ਨੇ ਯੂਕਰੇਨ ਨੂੰ ਮੱਦਦ ਦੇਣ ਦੀ ਗੱਲ ਵੀ ਦੁਹਰਾਈ।
ਬਾਈਡਨ ਦੇ ਮੁਤਾਬਕ ਅਮਰੀਕਾ ਨੇ ਪਿਛਲੇ ਕੁਝ ਮਹੀਨਿਆਂ ਵਿਚ ਯੂਕਰੇਨ ਨੂੰ ਸੈਂਕੜੇ ਮਿਜ਼ਾਈਲਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਏਗਾ ਅਤੇ ਯੂਕਰੇਨ ਨੂੰ ਜਲਦ ਹੀ ਮਿਜ਼ਾਈਲਾਂ ਦੀ ਨਵੀਂ ਖੇਪ ਦਿੱਤੀ ਜਾਵੇਗੀ। ਜੋਅ ਬਾਈਡਨ ਨੇ ਕਿਹਾ ਕਿ ਇਸ ਸਭ ਲਈ ਅਮਰੀਕੀ ਰੱਖਿਆ ਵਿਭਾਗ ਨੂੰ ਮਿਜ਼ਾਈਲਾਂ ਦੀ ਸਪਲਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਦੁਨੀਆਂ ਦੇ ਦੂਜੇ ਦੇਸ਼ਾਂ ਨੂੰ ਵੀ ਯੂਕਰੇਨ ਦੀ ਮੱਦਦ ਕਰਨ ਲਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਨੂੰ ਸ਼ਾਂਤੀ ਅਤੇ ਸੁਰੱਖਿਆ ਦੇ ਨਾਲ ਜੀਣ ਦਾ ਅਧਿਕਾਰ ਹੈ।