ਸਾਰੀਆਂ ਲੋਕ ਸਭਾ ਸੀਟਾਂ ਹਾਰਨ ਤੋਂ ਬਾਅਦ ਪੰਜਾਬ ਭਾਜਪਾ ਨੇ ਅੱਜ ਸਾਰੀਆਂ ਸੀਟਾਂ ਦਾ ਜਾਇਜ਼ਾ ਲਿਆ। ਅੱਜ ਸ਼ਨੀਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੰਡੀਗੜ੍ਹ ਸਥਿਤ ਪਾਰਟੀ ਦੇ ਪੰਜਾਬ ਪ੍ਰਦੇਸ਼ ਦਫਤਰ ਵਿਖੇ ਦਿਨ ਭਰ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਗੱਲ ਤੇ ਖੁਸ਼ੀ ਜਤਾਈ ਹੈ ਕਿ ਸੂਬੇ ਦੇ ਵਿੱਚ ਭਾਜਪਾ ਦਾ ਵੋਟ ਪ੍ਰਤੀਸ਼ਤ ਪਹਿਲਾਂ ਦੇ ਮੁਕਾਬਲੇ ਵੱਧ ਗਿਆ ਹੈ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਵੋਟ ਪ੍ਰਤੀਸ਼ਤ 18 ਪ੍ਰਤੀਸ਼ਤ ਹੋ ਗਈ ਹੈ ਜੋ ਕਿ ਪਿਛਲੀ ਵਾਰ ਦੇ ਮੁਕਾਬਲੇ ਬਹੁਤ ਜਿਆਦਾ ਹੈ।
ਜਾਖੜ ਨੇ ਕਿਹਾ ਕਿ 23 ਜ਼ਿਲ੍ਹਿਆਂ ਵਿੱਚ ਭਾਜਪਾ ਨੂੰ ਲੀਡ ਹਾਸਲ ਹੋਈ ਹੈ ਜਿਸ ਦੇ ਚਲਦੇ ਇਹਨਾਂ ਜ਼ਿਲ੍ਹਿਆਂ ਦੇ ਜ਼ਿਲ੍ਹਾ ਇੰਚਾਰਜਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਅਤੇ ਜਿੱਥੇ ਪਾਰਟੀ ਦਾ ਪ੍ਰਭਾਵ ਘਟ ਰਿਹਾ ਉਥੇ ਮਿਹਨਤ ਕਰਕੇ ਪਾਰਟੀ ਨੂੰ ਮਜਬੂਤ ਬਣਾਇਆ ਜਾਵੇਗਾ। ਜਲੰਧਰ ਉਪ-ਚੋਣਾਂ, ਸਿਵਿਕ ਚੋਣਾਂ ਅਤੇ 2027 ਵਿੱਚ ਭਾਜਪਾ ਪੰਜਾਬ ਵਿੱਚ ਆਪਣਾ ਮੁੱਖ ਮੰਤਰੀ ਬਣਾਏਗੀ। ਜਾਖੜ ਨੇ ਕਿਹਾ ਕਿ ਅੱਜ ਉਨ੍ਹਾਂ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਦਿੱਤਾ ਕਿ ਚੌਲਾਂ ਦੀ ਲਿਫਟਿੰਗ ਨਹੀਂ ਹੋ ਰਹੀ। ਵਪਾਰੀ ਦੁਖੀ ਹੈ। ਨਮੀ ਵਧਣ ਕਾਰਨ ਚੌਲ ਖਰਾਬ ਹੋ ਰਹੇ ਹਨ। ਪੰਜਾਬ ਵਿੱਚ 1 ਹਜ਼ਾਰ ਸ਼ੈਲਰ ਹਨ ਜੋ ਕਿਸੇ ਵੀ ਸਮੇਂ ਬੰਦ ਹੋ ਸਕਦੇ ਹਨ। ਉਹ ਬਿੱਟੂ ਤੋਂ ਮੰਗ ਕਰਦੇ ਹਨ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ।