ਕਿਹਾ : ਗੈਂਗਸਟਰਾਂ ਵੱਲੋਂ ਲਗਾਤਾਰ ਮੰਗੀ ਜਾ ਰਹੀ ਹੈ 50 ਲੱਖ ਰੁਪਏ ਦੀ ਫਿਰੌਤੀ
ਅੰਮਿ੍ਰਤਸਰ/ਬਿਊਰੋ ਨਿਊਜ਼ : ਅੰਮਿ੍ਤਸਰ ਜ਼ਿਲ੍ਹੇ ਦੇ ਅਟਾਰੀ ’ਚ ਕੋਕਾ ਕੋਲਾ ਦੀ ਏਜੰਸੀ ਚਲਾਉਣ ਵਾਲੇ ਜਸਵਿੰਦਰ ਸਿੰਘ ਜਸ ਨੇ ਫਿਰੌਤੀ ਭਰੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਸਮੂਹਿਕ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਹੱਥੋਂ ਮਰਨ ਨਾਲੋਂ ਮੈਂ ਖੁਦ ਆਪਣੇ ਆਪ ਨੂੰ ਗੋਲੀ ਮਾਰ ਲਵਾਂਗਾ। ਜਸਵਿੰਦਰ ਸਿੰਘ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ ਪ੍ਰੰਤੂ ਪੁਲਿਸ ਵੱਲੋਂ ਹੁਣ ਤੱਕ ਆਰੋਪੀਆਂ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ। ਜਸਵਿੰਦਰ ਸਿੰਘ ਨੇ ਲੰਘੇ ਦਿਨੀਂ ਅੰਮਿ੍ਰਤਸਰ ਦੇ ਵਪਾਰੀਆਂ ਨਾਲ ਮਿਲ ਕੇ ਅਟਾਰੀ ਰੋਡ ’ਤੇ ਧਰਨਾ ਵੀ ਲਗਾਇਆ ਸੀ।
ਜਸਵਿੰਦਰ ਸਿੰਘ ਨੇ ਲਾਈਵ ਹੋ ਕੇ ਕਿਹਾ ਕਿ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਚੁੱਕਿਆ। ਉਸ ਨੂੰ ਅੱਜ ਵੀ ਫਿਰੌਤੀ ਲਈ ਫੋਨ ਆਇਆ ਸਹ ਅਤੇ ਉਸ ਦੀ ਲਗਾਤਾਰ ਰੇਕੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਸ ਦੀ ਗਲਤੀ ਸਿਰਫ਼ ਇਹੀ ਹੈ ਕਿ ਉਹ ਇਕ ਕਾਰੋਬਾਰੀ ਹੈ ਅਤੇ ਪੰਜਾਬ ’ਚ ਪੈਦਾ ਹੋਇਆ ਅਤੇ ਸਭ ਤੋਂ ਵੱਡੀ ਉਸ ਦੀ ਗਲਤੀ ਇਹ ਹੈ ਕਿ ਉਹ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ। ਜਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਪੂਰੀ ਤਰ੍ਹਾਂ ਨਾਲ ਫੇਲ੍ਹ ਹੈ। ਗੈਂਗਸਟਰ ਉਨ੍ਹਾਂ ਨੂੰ ਧਮਕੀਆਂ ਦੇ ਕੇ ਕਹਿ ਰਹੇ ਹਨ ਕਿ ਉਨ੍ਹਾਂ ਦੇ ਐਮ ਐਲ ਏ ਸਾਥੀ ਜਾਂ ਫਿਰ ਮੁੱਖ ਮੰਤਰੀ ਉਨ੍ਹਾਂ ਦੀ ਕੀ ਕਰ ਲੈਣਗੇ।