ਖਟਕੜ ਕਲਾਂ ’ਚ ਵੀ ਭੁੱਖ ਹੜਤਾਲ ਦੀ ਰਣਨੀਤੀ ਬਣਾਈ
ਚੰਡੀਗੜ੍ਹ/ਬਿਊਰੋ ਨਿਊਜ਼ :ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵਲੋਂ ਅਰਵਿੰਦ ਕੇਜਰੀਵਾਲ ਦੀ ਗਿ੍ਫਤਾਰੀ ਦੇ ਵਿਰੋਧ ਵਿਚ 7 ਅਪ੍ਰੈਲ ਦਿਨ ਐਤਵਾਰ ਨੂੰ ਭਾਰਤ ਭਰ ਵਿਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇਸੇ ਕੜੀ ਵਿਚ ‘ਆਪ’ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ ਵੀ ਸਮੂਹਿਕ ਭੁੱਖ ਹੜਤਾਲ ਦੀ ਰਣਨੀਤੀ ਬਣਾਈ ਹੈ ਅਤੇ ਇਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਇਸ ਮੌਕੇ ਪਾਰਟੀ ਵਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਵੀ ਪ੍ਰੋਗਰਾਮ ਕਰਵਾਏ ਜਾਣਗੇ।
ਉਧਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਵਿਚ ‘ਆਪ’ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਦੇ ਆਗੂਆਂ ਦੇ ਨਾਲ-ਨਾਲ ਵਲੰਟੀਅਰਾਂ ਨੂੰ ਮਿਲਣ ਦੀ ਵੀ ਤਿਆਰੀ ਕੀਤੀ ਹੈ। ਇਸ ਸਬੰਧੀ ਸੀਐਮ ਵਲੋਂ ਭਲਕੇ 6 ਅਪ੍ਰੈਲ ਦਿਨ ਸ਼ਨੀਵਾਰ ਨੂੰ ਮੋਗਾ ਅਤੇ ਜਲੰਧਰ ਵਿਖੇ ਪਾਰਟੀ ਦੇ ਵਲੰਟੀਅਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਤੋਂ ਬਾਅਦ ਸੀਐਮ ਮਾਨ ਗੁਆਂਢੀ ਸੂਬੇ ਹਰਿਆਣਾ ਸਣੇ ਕਈ ਹੋਰ ਸੂਬਿਆਂ ਦਾ ਦੌਰਾ ਵੀ ਕਰਨਗੇ। ਸੀਐਮ ਮਾਨ ਦਾ 16 ਅਤੇ 17 ਅਪ੍ਰੈਲ ਨੂੰ ਗੁਜਰਾਤ ਜਾਣ ਦਾ ਵੀ ਪ੍ਰੋਗਰਾਮ ਹੈ।