ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ ’ਚ ਸੰਪੰਨ
ਅੰਮਿ੍ਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਲਾਹੌਰ ਵਿਖੇ ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਪੰਜਾਬੀ ਮਾਂ ਬੋਲੀ ਦਾ ਝੰਡਾ ਬੁਲੰਦ ਕਰਨ ਅਤੇ ਇਸਦੇ ਪ੍ਰਚਾਰ ਤੇ ਪਸਾਰ ਲਈ ਸੁਹਿਰਦ ਯਤਨ ਕਰਨ ਦੇ ਅਹਿਦ ਨਾਲ ਸੰਪੰਨ ਹੋ ਗਈ। ਕਾਨਫਰੰਸ ਦੇ ਮੁੱਖ ਪ੍ਰਬੰਧਕ ਤੇ ਸਾਬਕਾ ਵਜ਼ੀਰ ਫਖਰ ਜ਼ਮਾਨ ਨੇ ਬੁੱਧਵਾਰ ਨੂੰ ਸਮਾਪਤੀ ਸੈਸ਼ਨ ਦੌਰਾਨ ਵਫਦ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ।
ਫਖਰ ਜ਼ਮਾਨ, ਡਾ. ਦੀਪਕ ਮਨਮੋਹਨ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ ਤੇ ਗੁਰਭਜਨ ਸਿੰਘ ਗਿੱਲ ਨੇ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਸਿਲਸਿਲੇ ਨੂੰ ਕਾਮਯਾਬ ਕਰਨ ਲਈ ਉਪਰਾਲੇ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਆਉਣ ਵਾਲੇ ਸਮੇਂ ’ਚ ਕਾਨਫਰੰਸ ਦਾ ਦਾਇਰਾ ਵਧਾਉਣ ਤੇ ਨਿਰੰਤਰ ਕਰਵਾਉਣ ’ਤੇ ਵੀ ਚਰਚਾ ਕੀਤੀ। ਸੰਗੀਤਕ ਪ੍ਰੋਗਰਾਮ ਦੌਰਾਨ ਦੋਵੇਂ ਪੰਜਾਬਾਂ ਦੇ ਫਨਕਾਰਾਂ ਅਕਰਮ ਰਾਹੀ, ਪੰਮੀ ਬਾਈ, ਡੌਲੀ ਗੁਲੇਰੀਆ, ਸੁੱਖੀ ਬਰਾੜ, ਆਰਿਫ ਲੋਹਾਰ, ਇਮਰਾਨ ਸ਼ੌਕਤ ਅਲੀ ਤੇ ਸਤਨਾਮ ਨੇ ਪੇਸ਼ਕਾਰੀਆਂ ਦਿੱਤੀਆਂ। ਸਮਾਪਤੀ ਸੈਸ਼ਨ ਦੌਰਾਨ ਲਹਿੰਦੇ ਪੰਜਾਬ ਦੀ ਸ਼ਾਇਰਾ ਬੁਸ਼ਰਾ ਏਜਾਜ਼ ਦੀ ਪੁਸਤਕ ‘ਮੈਂ ਪੂਣੀ ਕੱਤੀ ਰਾਤ ਦੀ’ ਦਾ ਗੁਰਮੁਖੀ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ।