ਜਥੇਦਾਰ ਗੜਗੱਜ ਨੇ ਸੀਐਮ ਸੁਖਵਿੰਦਰ ਸੁੱਖੂ ਨੂੰ ਘਟਨਾਵਾਂ ਦਾ ਨੋਟਿਸ ਲੈਣ ਲਈ ਕਿਹਾ
ਅੰਮਿ੍ਤਸਰ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਵਿਚ ਕੁਝ ਸ਼ਰਾਰਤੀਆਂ ਵਲੋਂ ਪੁਲਿਸ ਦੀ ਹਾਜ਼ਰੀ ਵਿਚ ਸਿੱਖ ਤੇ ਪੰਜਾਬੀ ਨੌਜਵਾਨਾਂ ਵਲੋਂ ਆਪਣੇ ਵਾਹਨਾਂ ’ਤੇ ਲਗਾਏ ਸਿੱਖ ਝੰਡੇ ਪਾੜਣ ਅਤੇ ਪੈਰਾਂ ਹੇਠ ਮਿੱਧਣ ਦੇ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖਤ ਨੋਟਿਸ ਲਿਆ ਹੈ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਸ ਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਕਿਸੇ ਨੌਜਵਾਨ ਨੂੰ ਉਨ੍ਹਾਂ ਦੇ ਵਾਹਨ ਦੇ ਕਾਗਜ਼ਾਂ ਦੀ ਜਾਂਚ ਕਰਨ ਲਈ ਰੋਕਦੀ ਹੈ ਤਾਂ ਉਸ ਮੌਕੇ ਕਿਸੇ ਵੀ ਸਥਾਨਕ ਸ਼ਰਾਰਤੀ ਅਨਸਰਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਸਿੱਖ ਨੌਜਵਾਨਾਂ ਨਾਲ ਜ਼ੋਰ ਜ਼ਬਰਦਸਤੀ ਕਰਨ।
ਗਿਆਨੀ ਗੜਗੱਜ ਨੇ ਸਿੱਖ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਉਹ ਹਿਮਾਚਲ ਪ੍ਰਦੇਸ਼ ਜਾਣ ਤਾਂ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਕਾਇਮ ਰੱਖਣ ਅਤੇ ਇਕੱਲੇ ਸਫਰ ਕਰਨ ਤੋਂ ਗੁਰੇਜ਼ ਕਰਨ। ਜਥੇਦਾਰ ਗੜਗੱਜ ਨੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਕਿਹਾ ਕਿ ਉਹ ਇਨ੍ਹਾਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਸੂਬੇ ਦੀ ਪੁਲਿਸ ਨੂੰ ਕਾਨੂੰਨ ਅਨੁਸਾਰ ਜ਼ਾਬਤਾ ਕਾਇਮ ਰੱਖਣ ਲਈ ਆਦੇਸ਼ ਕਰਨ।