ਪੰਜਾਬ ਅਤੇ ਨੇੜਲੇ ਇਲਾਕਿਆਂ ’ਚ ਵੀ ਪਿਆ ਮੀਂਹ
ਚੰਡੀਗੜ੍ਹ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਵਿਚ ਹੋਈ ਬਰਫਬਾਰੀ ਤੇ ਮੀਂਹ ਨਾਲ ਪਹਾੜੀ ਇਲਾਕਿਆਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿਚ ਵੀ ਠੰਡ ਨੇ ਮੁੜ ਜ਼ੋਰ ਫੜ ਲਿਆ ਹੈ। ਸੱਜਰੀ ਬਰਫਬਾਰੀ ਤੇ ਮੀਂਹ ਕਰਕੇ ਹਿਮਾਚਲ ਵਿਚ 200 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ ਤੇ ਬਿਜਲੀ ਪਾਣੀ ਜਿਹੀਆਂ ਜ਼ਰੂਰੀ ਸੇਵਾਵਾਂ ਅਸਰਅੰਦਾਜ਼ ਹੋਈਆਂ ਹਨ। ਕੁੱਲੂ, ਲਾਹੌਲ ਸਪਿਤੀ, ਕਿਨੌਰ ਤੇ ਚੰਬਾ ਜ਼ਿਲ੍ਹਿਆਂ ਦੇ ਕਈ ਇਲਾਕੇ ਬਾਕੀ ਸੂਬੇ ਨਾਲੋਂ ਕੱਟੇ ਗਏ ਹਨ। ਸ਼ਿਮਲਾ ਜ਼ਿਲ੍ਹੇ ਦੇ ਡੋਡਰਾ-ਕਵਾਰ ਵਿਚ ਭਾਰੀ ਬਰਫਬਾਰੀ ਹੋਈ ਹੈ ਤੇ ਵਾਦੀ ਵਿਚ ਆਉਣ ਵਾਲੀਆਂ ਸਾਰੀਆਂ ਸੜਕਾਂ ਬੰਦ ਹੋ ਗਈਆਂ ਹਨ।
ਹਿਮਾਚਲ ਦੇ ਪੁਲਿਸ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਅਤੇ ਬਰਫ ਖਿਸਕਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਚਾਈ ਵਾਲੇ ਖੇਤਰਾਂ ਵਿੱਚ ਜਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਇਸੇ ਦੌਰਾਨ ਪੰਜਾਬ ਅਤੇ ਨੇੜਲੇ ਇਲਾਕਿਆਂ ਵਿਚ ਵੀ ਰੁਕ-ਰੁਕ ਕੇ ਮੀਂਹ ਪਿਆ ਹੈ, ਜਿਸ ਕਾਰਨ ਠੰਡ ਮੁੜ ਵਧ ਗਈ ਹੈ।