ਪੰਜਾਬ ਦੇ ਫੂਡ ਸਪਲਾਈ ਵਿਭਾਗ ਵਿਚ ਕੀਤੇ ਗਏ ਬਦਲਾਅ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਹੁਣ ਫੂਡ ਸਪਲਾਈ ਵਿਭਾਗ ਦੇ ਕੰਮਕਾਜ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਨਾਲ ਸਿੱਧਾ ਸੰਪਰਕ ਕਰਨ ਅਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਲਈ ਵਿਭਾਗ ਨੇ ਵੱਡਾ ਫੈਸਲਾ ਲਿਆ ਹੈ। ਹੁਣ ਫੂਡ ਇੰਸਪੈਕਟਰ ਤੋਂ ਲੈ ਕੇ ਡੀ.ਐਫ.ਐਸ.ਓ. ਪੱਧਰ ਤੱਕ ਦੇ ਅਧਿਕਾਰੀ ਸਵੇਰ ਤੋਂ ਦੁਪਹਿਰੇ 12 ਵਜੇ ਤੱਕ ਦਫਤਰਾਂ ਵਿਚ ਬੈਠਣਗੇ ਅਤੇ ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀ ਡਿਪੂਆਂ ਵਿਚ ਜਾ ਕੇ ਰਾਸ਼ਨ ਵੰਡਣ ਦੀ ਪ੍ਰਕਿਰਿਆ ਦੀ ਜਾਂਚ ਕਰਨਗੇ। ਇਹ ਅਧਿਕਾਰੀ ਫੀਲਡ ਵਿਚ ਪਹੁੰਚ ਕੇ ਲਾਈਵ ਲੋਕੇਸ਼ਨ ਵੀ ਸ਼ੇਅਰ ਕਰਨਗੇ। ਇਹ ਪੂਰੀ ਪ੍ਰਕਿਰਿਆ ਆਉਂਦੀ 28 ਫਰਵਰੀ ਤੱਕ ਸ਼ੁਰੂ ਹੋ ਜਾਵੇਗੀ। ਫੂਡ ਸਪਲਾਈ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਵਿਚ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ।