ਪੰਜਾਬ ’ਚ ਮਾਹੌਲ ਖਰਾਬ ਕਰ ਰਹੀ ਹੈ ਆਮ ਆਦਮੀ ਪਾਰਟੀ : ਚੰਨੀ
ਜਲੰਧਰ/ਬਿਊਰੋ ਨਿਊਜ਼ :ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ 26 ਜਨਵਰੀ ਨੂੰ ਅੰਮਿ੍ਤਸਰ ’ਚ ਹੋਈ ਘਟਨਾ ਬਹੁਤ ਦੁਖਦਾਈ ਹੈ। ਚੰਨੀ ਨੇ ਆਰੋਪ ਲਗਾਇਆ ਕਿ ਪੁਲਿਸ ਦੀ ਮੌਜੂਦਗੀ ਵਿਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਭੰਨਤੋੜ ਹੋਈ ਹੈ ਅਤੇ ਇਸ ਘਟਨਾ ਨੇ ਪੂਰੇ ਸੂਬੇ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਚੰਨੀ ਨੇ ਆਮ ਆਦਮੀ ਪਾਰਟੀ ’ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਆਰੋਪ ਵੀ ਲਗਾਇਆ ਹੈ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੰਮਿ੍ਤਸਰ ’ਚ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਹੋਈ ਬੇਅਦਬੀ ਸਬੰਧੀ ਕੇਂਦਰੀ ਏਜੰਸੀਆਂ ਵਲੋਂ ਜਾਂਚ ਹੋਣੀ ਚਾਹੀਦੀ ਹੈ ਅਤੇ ਅਜਿਹੀ ਸਾਜਿਸ਼ ਦੇ ਪਿਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ। ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਆਸਤ ਗਰਮਾਉਣ ਲਈ ਅਜਿਹਾ ਕੰਮ ਕਰਵਾਇਆ ਹੈ ਅਤੇ ਆਮ ਆਦਮੀ ਪਾਰਟੀ ਦੀ ਨੀਅਤ ’ਤੇ ਸ਼ੱਕ ਵੀ ਹੈ।