ਮੁੱਖ ਮੰਤਰੀ ਨੇ ਜੰਗਲੀ ਜਾਨਵਰਾਂ ਬਾਰੇ ਜਾਣਕਾਰੀ ਕੀਤੀ ਹਾਸਲ
ਜ਼ੀਰਕਪੁਰ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਅਚਾਨਕ ਛੱਤਬੀੜ ਚਿੜੀਆਘਰ ਵਿੱਚ ਨਿੱਜੀ ਫੇਰੀ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਛੱਤਬੀੜ ਚਿੜੀਆਘਰ ਦੇ ਅਧਿਕਾਰੀਆਂ ਤੋਂ ਜੰਗਲੀ ਜਾਨਵਰਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਸੀਐਮ ਦਾ ਇਹ ਦੌਰਾ ਯੋਜਨਾਬੱਧ ਨਹੀਂ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਅਗਾਊਂ ਜਾਣਕਾਰੀ ਨਹੀਂ ਸੀ। ਹਾਲਾਂਕਿ ਮੁੱਖ ਮੰਤਰੀ ਦੀ ਨਿੱਜੀ ਫੇਰੀ ਦੌਰਾਨ ਮੀਡੀਆ ਨੂੰ ਵੀ ਦੂਰ ਹੀ ਰੱਖਿਆ ਗਿਆ ਅਤੇ ਕਿਸੇ ਵੀ ਅਧਿਕਾਰੀ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਛੱਤਬੀੜ ਚਿੜੀਆਘਰ ਦੀ ਸੀਐਮ ਦੀ ਅਚਾਨਕ ਫੇਰੀ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਜ਼ਿਕਰਯੋਗ ਹੈ ਕਿ ਛੱਤਬੀੜ ਚਿੜੀਆਘਰ ਵਿੱਚ 100 ਤੋਂ ਵੱਧ ਕਿਸਮਾਂ ਦੇ ਜੰਗਲੀ ਜਾਨਵਰ ਅਤੇ ਪੰਛੀ ਹਨ।