ਬਿਲਾਵਲੁ ॥ ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥ ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥ ਰਹਾਉ॥ ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥ ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥੧॥
ਵਿਆਖਿਆ :-ਹੇ ਪੰਡਿਤ! ਜਿਵੇਂ ਕੈਂਹ ਦੇ ਭਾਂਡੇ ਨੂੰ ਠਣਕਾਇਆਂ ਉਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ (ਠਣਕਾਣਾ) ਛੱਡ ਦੇਈਏ ਤਾਂ ਉਹ ਅਵਾਜ਼ ਕੈਂਹ ਵਿਚ ਹੀ ਮੁੱਕ ਜਾਂਦੀ ਹੈ, ਤਿਵੇਂ ਇਸ ਸਰੀਰਕ ਮੋਹ ਦਾ ਹਾਲ ਹੈ। (ਜਦੋਂ ਦੀ ਬੁੱਧ ਜਾਗੀ ਹੈ) ਮੇਰਾ ਸਰੀਰ ਨਾਲੋਂ ਮੋਹ ਮਿਟ ਗਿਆ ਹੈ (ਮੇਰਾ ਇਹ ਮਾਇਕ ਪਦਾਰਥਾਂ ਨਾਲ ਠਟਕਣ ਵਾਲਾ ਭਾਂਡਾ ਭੱਜ ਗਿਆ ਹੈ), ਹੁਣ ਪਤਾ ਹੀ ਨਹੀਂ ਕਿ ਉਹ ਤ੍ਰਿਸ਼ਨਾ ਦੀ ਅਵਾਜ਼ ਕਿੱਥੇ ਜਾ ਗੁੰਮ ਹੋਈ ਹੈ।੧। (ਮੇਰੇ ਅੰਦਰ) ਸਤਿਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ-ਮਰਨ ਦੀ ਭਟਕਣਾ ਮੁੱਕ ਗਈ ਹੈ, ਪ੍ਰਭੂ-ਚਰਨਾਂ ਵਿਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਉਸ ਹਾਲਤ ਵਿਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ। ੧।ਰਹਾਉ।05-01-25, ਅੰਗ:-857