ਜਨਵਰੀ ਦੇ ਪਹਿਲੇ ਹਫਤੇ ਅਕਾਲੀ ਦਲ ਬੁਲਾਏਗਾ ਬੈਠਕ
ਚੰਡੀਗੜ੍ਹ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਸੁਖਬੀਰ ਸਿੰਘ ਬਾਦਲ ਵਲੋਂ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਅਹੁਦੇ ਤੋਂ ਦਿੱਤੇ ਅਸਤੀਫੇ ਨੂੰ ਲੈ ਕੇ ਅਕਾਲੀ ਦਲ ਜਲਦ ਫੈਸਲਾ ਲੈ ਸਕਦਾ ਹੈ। ਸ਼ੋ੍ਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਵਿਚ ਬੁਲਾਈ ਜਾ ਸਕਦੀ ਹੈ। ਇਹ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਵਲੋਂ ਸਾਂਝੀ ਕੀਤੀ ਗਈ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਇਹ ਵੀ ਦੱਸਿਆ ਕਿ ਸੁਖਬੀਰ ਬਾਦਲ ਚਾਹੁੰਦੇ ਸਨ ਕਿ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਦੁਬਾਰਾ ਚੋਣ ਕਰਵਾਈ ਜਾਵੇ ਅਤੇ ਚੁਣਾਵੀ ਪ੍ਰਕਿਰਿਆ ਨਾਲ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਏ।
ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਹੁਣ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਇਸ ’ਤੇ ਫੈਸਲਾ ਲੈਣ ਲਈ ਕਿਹਾ ਹੈ ਅਤੇ ਉਸ ਸਬੰਧੀ ਰਿਪੋਰਟ ਸੌਂਪਣ ਨੂੰ ਕਿਹਾ ਹੈ। ਇਸਦੇ ਚੱਲਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੁਣ ਕੋਰ ਕਮੇਟੀ ਦੀ ਬੈਠਕ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਬੁਲਾਈ ਜਾ ਸਕਦੀ ਹੈ। ਬੈਠਕ ਵਿਚ ਫੈਸਲਾ ਲਿਆ ਜਾਵੇਗਾ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜੂਰ ਕੀਤਾ ਜਾਏ ਜਾਂ ਉਸ ਨੂੰ ਲੈ ਕੇ ਕੋਈ ਇਕੱਤਰਤਾ ਬੁਲਾਈ ਜਾਏ।