ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਮਾਮਲੇ ’ਚ ਦਿੱਤੀ ਤਿੱਖੀ ਪ੍ਰਤੀਕਿਰਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਵਿਚਕਾਰ ਰਾਜਧਾਨੀ ਚੰਡੀਗੜ੍ਹ ਨੂੰ ਲੈ ਕੇ ਦਹਾਕਿਆਂ ਤੋਂ ਰੇੜਕਾ ਚੱਲ ਰਿਹਾ ਹੈ। ਹੁਣ ਹਰਿਆਣਾ ਨੇ ਚੰਡੀਗੜ੍ਹ ਵਿਚ ਵੱਖਰੀ ਵਿਧਾਨ ਸਭਾ ਬਣਾਉਣ ਲਈ 10 ਏਕੜ ਜ਼ਮੀਨ ਦੀ ਮੰਗ ਕੀਤੀ ਹੈ ਅਤੇ ਉਸਦੇ ਬਦਲੇ 12 ਏਕੜ ਜ਼ਮੀਨ ਦੇਣ ਦੀ ਗੱਲ ਵੀ ਕਹੀ ਹੈ। ਹਰਿਆਣਾ ਨੇ ਇਸ ਮਾਮਲੇ ਨੂੰ ਲੈ ਕੇ ਸਰਬ ਪਾਰਟੀ ਮੀਟਿੰਗ ਸੱਦਣ ਦਾ ਵੀ ਫੈਸਲਾ ਕਰ ਲਿਆ ਹੈ।
ਇਸੇ ਮਾਮਲੇ ’ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਸ਼ਾਨ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ’ਤੇ ਸਿਰਫ ਪੰਜਾਬੀਆਂ ਦਾ ਹੱਕ ਹੈ ਅਤੇ ਇਸ ਹੱਕ ਲਈ ਪੰਜਾਬ ਸਰਕਾਰ ਵੀ ਡਟ ਕੇ ਲੜਾਈ ਲੜੇਗੀ। ਉਨ੍ਹਾਂ ਕਿਹਾ ਹਰਿਆਣਾ ਦੀ ਮੰਗ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ।