ਚੰਡੀਗੜ੍ਹ: ਪਰਾਲੀ ਸਾੜਨ ਦੇ ਕਾਰਨ, ਚੰਡੀਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ (AQI) ਬੇਹੱਦ ਖਰਾਬ ਹੋ ਗਿਆ ਹੈ ਅਤੇ ਇਹ ਰੈੱਡ ਜ਼ੋਨ ਵਿੱਚ ਸ਼ਾਮਲ ਹੋ ਗਿਆ ਹੈ। ਚੰਡੀਗੜ੍ਹ ਦਾ AQI ਸ਼ਨੀਵਾਰ ਅੱਧੀ ਰਾਤ ਨੂੰ 325 ਤੋਂ 408 ਦੇ ਵਿਚਕਾਰ ਰਿਹਾ। ਉਧਰ, ਪੰਜਾਬ ਦੇ ਕੁਝ ਖੇਤਰ ਵੀ ਪ੍ਰਭਾਵਿਤ ਹਨ, ਜਿਵੇਂ ਕਿ ਮੰਡੀ ਗੋਬਿੰਦਗੜ੍ਹ ਦਾ AQI 280 ਤੋਂ ਵੱਧ ਹੋ ਗਿਆ, ਜਦੋਂ ਕਿ ਸਭ ਤੋਂ ਵੱਧ 360 ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ AQI 240 ਤੋਂ ਵੱਧ ਹੋ ਕੇ 312 ਤੱਕ ਪਹੁੰਚ ਗਿਆ। ਇਸੇ ਤਰ੍ਹਾਂ ਬਠਿੰਡਾ ਦਾ ਔਸਤ AQI 170, ਜਲੰਧਰ 173, ਖੰਨਾ 202, ਲੁਧਿਆਣਾ 216, ਪਟਿਆਲਾ 148 ਅਤੇ ਰੂਪਨਗਰ 225 ਰਿਹਾ।
ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦਾ ਪ੍ਰਭਾਵ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਹਾਲੀਏ ਰਿਕਾਰਡ ਮੁਤਾਬਕ, ਪੰਜਾਬ ਵਿੱਚ 5299 ਕੇਸ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 3162 ਕੇਸ ਸਿਰਫ ਪਿਛਲੇ 10 ਦਿਨਾਂ ਵਿੱਚ ਸਾਹਮਣੇ ਆਏ ਹਨ। ਸਖ਼ਤ ਹਦਾਇਤਾਂ ਦੇ ਬਾਵਜੂਦ, ਪਰਾਲੀ ਸਾੜਨ ਨੂੰ ਰੋਕਣਾ ਚੁਣੌਤੀ ਬਣਿਆ ਹੋਇਆ ਹੈ। ਇਨ੍ਹਾਂ ਘਟਨਾਵਾਂ ਦੀ ਜਾਂਚ ਅਤੇ ਨਜਰਸਾਨੀ ਲਈ ਇੱਕ ਟੀਮ 13 ਨਵੰਬਰ ਨੂੰ ਪੰਜਾਬ ਪਹੁੰਚੇਗੀ।


