ਕਿਹਾ : ਪਾਰਟੀ ’ਚੋਂ ਕੱਢੇ ਜਾਣ ਦਾ ਕਾਰਨ ਬਣਿਆ ਸਿਰਫ਼ ਇਕ ਫੋਨ
ਜਲੰਧਰ/ਬਿਊਰੋ ਨਿਊਜ਼ : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਰਹੇ ਜਸਬੀਰ ਸਿੰਘ ਗੜ੍ਹੀ ਨੇ ਪਾਰਟੀ ਵਿਚੋਂ ਕੱਢੇ ਜਾਣ ਤੋਂ ਬਾਅਦ ਪਾਰਟੀ ’ਤੇ ਕਈ ਸਵਾਲ ਚੁੱਕੇ ਹਨ। ਗੜ੍ਹੀ ਨੇ ਪਾਰਟੀ ਵਿਚੋਂ ਕੱਢੇ ਜਾਣ ਦਾ ਕਾਰਨ ਸਿਰਫ਼ ਇਕ ਫੋਨ ਦੱਸਿਆ ਹੈ, ਜੋ ਉਨ੍ਹਾਂ ਨੇ ਇਕ ਸ਼ਿਕਾਇਤ ਕਰਨ ਦੇ ਲਈ ਬਸਪਾ ਮੁਖੀ ਕੁਮਾਰੀ ਮਾਇਆਵਤੀ ਦੇ ਕਰੀਬੀ ਮੇਵਾ ਲਾਲ ਨੂੰ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਮੇਵਾ ਲਾਲ ਤੋਂ ਉਨ੍ਹਾਂ ਨੇ ਮਾਇਆਵਤੀ ਨਾਲ ਮੁਲਾਕਾਤ ਕਰਨ ਦਾ ਸਮਾਂ ਮੰਗਿਆ ਸੀ। ਕਿਉਂਕਿ ਮੈਂ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਦੇ ਖਿਲਾਫ਼ ਸ਼ਿਕਾਇਤ ਦੇਣੀ ਸੀ।
ਢਾਈ ਘੰਟੇ ਮਗਰੋਂ ਮੈਂ ਸ਼ਾਮ ਨੂੰ ਫਿਰ ਮੇਵਾ ਲਾਲ ਨੂੰ ਫੋਨ ਕੀਤਾ ਅਤੇ ਪੁੱਛਿਆ ਕੀ ਹੁਕਮ ਹੈ। ਮੇਵਾ ਲਾਲ ਨੇ ਕਿਹਾ ਕਿ 23 ਨਵੰਬਰ ਤੱਕ ਮਾਇਆਵਤੀ ਦੀ ਬਹੁਤ ਬਿਜ਼ੀ ਹਨ ਅਤੇ ਉਸ ਤੋਂ ਬਾਅਦ ਹੀ ਸਮਾਂ ਮਿਲੇਗਾ। ਇਸ ਤੋਂ ਬਾਅਦ ਮੈਨੂੰ ਇਕ ਛੋਟੀ ਜਿਹੀ ਚਿੱਠੀ ਮਿਲੀ, ਜਿਸ ’ਚ ਮੈਨੂੰ ਪਾਰਟੀ ’ਚੋਂ ਕੱਢਣ ਦਾ ਹੁਕਮ ਸੁਣਾਇਆ ਗਿਆ ਸੀ। ਇਸ ਤੋਂ ਬਾਅਦ ਗੜ੍ਹੀ ਨੇ ਕਿਹਾ ਕਿ ਮੈਂ ਪਾਰਟੀ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ ਪਰ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਮਾਇਆਵਤੀ ਨਾਲ ਗੱਲ ਹੋ ਸਕੇ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਆਪਣੇ ਨਾਲ ਕੰਮ ਕਰਨ ਵਾਲੇ ਸਮੂਹ ਵਰਕਰਾਂ ਅਤੇ ਲੀਡਰਸ਼ਿਪ ਦਾ ਧੰਨਵਾਦ ਕੀਤਾ।