ਹਫਤੇ ’ਚ 4 ਦਿਨ ਅੰਮਿ੍ਤਸਰ ਤੋਂ ਬੈਂਕਾਕ ਜਾਵੇਗੀ ਉਡਾਨ
ਅੰਮਿ੍ਤਸਰ/ਬਿਊਰੋ ਨਿਊਜ਼ : ਅੰਮਿ੍ਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਉਂਦੀ 28 ਅਕਤੂਬਰ ਤੋਂ ਬੈਂਕਾਕ ਅਤੇ ਅੰਮਿ੍ਤਸਰ ਵਿਚਾਲੇ ਸਿੱਧੀ ਉਡਾਨ ਸ਼ੁਰੂ ਕੀਤੀ ਜਾ ਰਹੀ ਹੈ। ਥਾਈਲੈਂਡ ਦੇ ਥਾਈ ਏਅਰ ਲਾਈਨ ਵਲੋਂ ਇਹ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ ਹਫਤੇ ਵਿਚ ਚਾਰ ਦਿਨ ਉਡਾਨ ਭਰੇਗੀ। ਇਹ ਫਲਾਈਟ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਰਾਤ 8 ਵੱਜ ਕੇ 10 ਮਿੰਟ ’ਤੇ ਬੈਂਕਾਕ ਤੋਂ ਉਡਾਨ ਭਰੇਗੀ ਅਤੇ 4 ਘੰਟੇ 45 ਮਿੰਟ ਬਾਅਦ ਰਾਤ 11 ਵੱਜ ਕੇ 25 ਮਿੰਟ ’ਤੇ ਅੰਮਿ੍ਤਸਰ ਪਹੁੰਚੇਗੀ।
ਇਸੇ ਤਰ੍ਹਾਂ ਅੰਮਿ੍ਤਸਰ ਤੋਂ ਵਾਪਸੀ ਉਡਾਨ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਅੱਧੀ ਰਾਤ ਤੋਂ ਬਾਅਦ 12 ਵੱਜ ਕੇ 25 ਮਿੰਟ ’ਤੇ ਜਾਵੇਗੀ ਅਤੇ ਸਵੇਰੇ 6 ਵੱਜ ਕੇ 15 ਮਿੰਟ ’ਤੇ ਬੈਂਕਾਕ ਪਹੁੰਚ ਜਾਵੇਗੀ। ਦੱਸਿਆ ਗਿਆ ਹੈ ਕਿ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਥਾਈਲੈਂਡ ਵਿਚ ਰਹਿ ਰਹੇ ਪੰਜਾਬੀ ਭਾਈਚਾਰੇ ਨੂੰ ਫਾਇਦਾ ਹੋਵੇਗਾ ਅਤੇ ਉਤਰ ਭਾਰਤ ਵਿਚ ਵਪਾਰ ਵੀ ਵਧੇਗਾ।


