ਸੰਜੇ ਸਿੰਘ ਨੇ ਈਡੀ ਦੀ ਰੇਡ ਨੂੰ ਦੱਸਿਆ ਤਾਨਾਸ਼ਾਹੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਸੋਮਵਾਰ ਸਵੇਰੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਛਾਪਾ ਮਾਰਿਆ। ਈਡੀ, ਦਿੱਲੀ ਵਕਫ ਬੋਰਡ ਮਨੀ ਲਾਂਡਰਿੰਗ ਕੇਸ ਵਿਚ ਸਵੇਰੇ ਸਵਾ 8 ਵਜੇ ਅਮਾਨਤੁੱਲਾ ਖਾਨ ਦੇ ਘਰ ਪਹੁੰਚ ਗਈ ਸੀ ਅਤੇ ਪੁੱਛਗਿੱਛ ਕੀਤੀ ਹੈ। ਦਿੱਲੀ ਦੀ ਓਖਲਾ ਸੀਟ ਤੋਂ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ’ਤੇ ਆਰੋਪ ਹੈ ਕਿ ਉਨ੍ਹਾਂ ਨੇ ਦਿੱਲੀ ਵਕਫ ਬੋਰਡ ਦਾ ਪ੍ਰਧਾਨ ਰਹਿੰਦੇ ਹੋਏ 32 ਵਿਅਕਤੀਆਂ ਦੀ ਗੈਰਕਾਨੂੰਨੀ ਭਰਤੀ ਕਰਵਾਈ ਅਤੇ ਫੰਡਾਂ ਦਾ ਗਲਤ ਇਸਤੇਮਾਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਈਡੀ ਪਹਿਲਾਂ ਵੀ ਦੋ ਵਾਰ ਅਮਾਨਤੁੱਲਾ ਖਾਨ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ। ਉਧਰ ਦੂਜੇ ਪਾਸੇ ‘ਆਪ’ ਵਿਧਾਇਕ ਅਮਾਨਤੁੱਲਾ ਨੇ ਕਿਹਾ ਕਿ ਸਰਚ ਵਾਰੰਟ ਦੇ ਨਾਮ ’ਤੇ ਈਡੀ ਦਾ ਮਕਸਦ ਸਿਰਫ ਉਨ੍ਹਾਂ ਨੂੰ ਗਿ੍ਫਤਾਰ ਕਰਨਾ ਹੈ। ‘ਆਪ’ ਵਿਧਾਇਕ ਨੇ ਕਿਹਾ ਕਿ ਈਡੀ ਜਾਣਬੁੱਝ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਈਡੀ ਦੀ ਰੇਡ ਨੂੰ ਤਾਨਸ਼ਾਹੀ ਦੱਸਿਆ ਹੈ।