ਧਰਤੀ ਹੇਠਲਾ ਪ੍ਰਦੂਸ਼ਿਤ ਪਾਣੀ ਭਿਆਨਕ ਬਿਮਾਰੀਆਂ ਦਾ ਕਾਰਨ : ਰਾਜੇਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਖਤਰਨਾਕ ਹੱਦ ਤੱਕ ਪ੍ਰਦੂਸ਼ਿਤ ਹੋ ਚੁੱਕਾ ਹੈ, ਜੋ ਕਿ ਸੂਬੇ ਲਈ ਚਿੰਤਾ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਸਿੰਜਾਈ ਮੰਤਰੀ ਨੇ ਸੰਸਦ ਵਿੱਚ ਪਾਣੀ ਦੇ ਦੂਸ਼ਿਤ ਹੋਣ ਵਾਲੀ ਪੇਸ਼ ਕੀਤੀ ਰਿਪੋਰਟ ਵਿੱਚ ਮੰਨਿਆ ਹੈ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਧਰਤੀ ਹੇਠਲਾ ਪ੍ਰਦੂਸ਼ਿਤ ਪਾਣੀ ਭਿਆਨਕ ਬਿਮਾਰੀਆਂ ਫੈਲਾ ਰਿਹਾ ਹੈ।
ਰਾਜੇਵਾਲ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਤਹਿ ਬਹੁਤ ਸਾਰੇ ਜ਼ਹਿਰੀਲੇ ਰਸਾਇਣਾਂ ਕਾਰਨ ਇੰਨੀ ਦੂਸ਼ਿਤ ਹੋ ਗਈ ਹੈ ਕਿ ਉਸ ਦਾ ਪਾਣੀ ਨਾ ਫਸਲਾਂ ਲਈ ਵਰਤਣ ਯੋਗ ਰਿਹਾ ਅਤੇ ਨਾ ਹੀ ਪੀਣ ਯੋਗ ਰਹੇਗਾ। ਇਸ ਲਈ ਪੰਜਾਬ ਵਾਸੀਆਂ ਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਦੇ ਹਰ ਘਰ ਅਤੇ ਖੇਤੀ ਲਈ ਨਹਿਰੀ ਪਾਣੀ ਲੈਣ ਲਈ ਸੰਘਰਸ਼ ਕਰਨਾ ਪਵੇਗਾ।