ਵਡਹੰਸੁ ਮਹਲਾ ੧ ਘਰੁ ੨॥ . ਸਾਹਿ ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥ ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥
ਵਿਆਖਿਆ :- ਹੇ ਭੈਣ ! ਸਾਵਨ (ਦਾ ਮਹੀਨਾ) ਆ ਗਿਆ ਹੈ (ਸਾਵਨ ਦੀਆਂ ਕਾਲੀਆਂ ਘਟਾਂ ਵੇਖ ਕੇ ਸੋਹਣੇ) ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ (ਤੇ ਪੈਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹਨ) । (ਹੇ ਪ੍ਰਭੂ!) ਤੇਰੀ ਇਹ ਸੋਹਣੀ ਕੁਦਰਤਿ ਮੈਂ ਜੀਵ-ਇਸਤ੍ਰੀ ਵਾਸਤੇ, ਮਾਨੋ, ਕਟਾਰ ਹੈ (ਜੋ ਮੇਰੇ ਅੰਦਰ ਬਿਰਹੋਂ ਦੀ ਚੋਟ ਲਾ ਰਹੀ ਹੈ) ਫਾਹੀ ਹੈ, ਇਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ (ਤੇ ਮੈਨੂੰ ਤੇਰੇ ਚਰਨਾਂ ਵਿਚ ਖਿੱਚੀ ਜਾ ਰਹੀ ਹੈ) । (ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ (ਤੇਰਾ ਇਹ ਸਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ, ਤੇ) ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ। (ਹੇ ਪ੍ਰਭੂ!) ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ ਦਿੱਸ ਰਿਹਾ ਹੈ) ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ (ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ) । ਜੇ ਕੁਦਰਤਿ ਵਿਚ ਤੂੰ ਨ ਦਿੱਸੇ ਤਾਂ ਇਹ ਆਖਣ ਵਿਚ ਕੀਹ ਸਵਾਦ ਰਹਿ ਜਾਏ ਕਿ ਕੁਦਰਤਿ ਸੋਹਣੀ ਹੈ? 27-01-24, ਅੰਗ:-557