ਵਿਜੀਲੈਂਸ ਦੇ ਮੁੱਖ ਦਫਤਰ ’ਚ ਕੀਤਾ ਆਤਮ ਸਮਰਪਣ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਵਿਚ ਕਾਂਗਰਸ ਸਰਕਾਰ ਦੇ ਸਮੇਂ 2017 ਤੋਂ 2022 ’ਚ ਮੁਹਾਲੀ ਦੇ ਨਾਲ ਲੱਗਦੇ ਖੇਤਰ ਵਿਚ ਐਕਵਾਇਰ ਹੋਈ ਜ਼ਮੀਨ ਵਿਚ ਫਰਜ਼ੀ ਤਰੀਕੇ ਨਾਲ ਅਮਰੂਦਾਂ ਦੇ ਬਗੀਚੇ ਦਿਖਾ ਕੇ ਕਰੋੜਾਂ ਰੁਪਏ ਦਾ ਮੁਆਵਜ਼ਾ ਸਰਕਾਰ ਤੋਂ ਲਿਆ ਗਿਆ ਸੀ। ਇਸ ਘੁਟਾਲੇ ਵਿਚ ਅਫਸਰ ਅਤੇ ਆਈਏਐਸ ਅਫਸਰਾਂ ਦੀਆਂ ਪਤਨੀਆਂ ਦੇ ਨਾਮ ਵੀ ਸਾਹਮਣੇ ਆਏ ਸਨ। ਇਸ ਬਹੁ ਕਰੋੜੀ ਅਮਰੂਦ ਬਾਗ ਘੁਟਾਲਾ ਮਾਮਲੇ ਵਿਚ ਨਾਮਜ਼ਦ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਨੂੰ ਵਿਜੀਲੈਂਸ ਨੇ ਗਿ੍ਫਤਾਰ ਕਰ ਲਿਆ ਗਿਆ ਹੈ।
ਸੁਪਰੀਮ ਕੋਰਟ ਵਲੋਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਪਿੱਛੋਂ ਜਸਕਰਨ ਸਿੰਘ ਬਰਾੜ ਨੇ ਮੁਹਾਲੀ ਸਥਿਤ ਵਿਜੀਲੈਂਸ ਦੇ ਮੁੱਖ ਦਫਤਰ ਵਿਚ ਆਤਮ ਸਮਰਪਣ ਕੀਤਾ ਹੈ ਅਤੇ ਵਿਜੀਲੈਂਸ ਨੇ ਉਸ ਨੂੰ ਗਿ੍ਫਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਅਮਰੂਦਾਂ ਦੇ ਬਾਗਾਂ ਸਬੰਧੀ ਮੁਆਵਜ਼ਾ ਵੰਡ ਘੁਟਾਲੇ ਵਿਚ ਨਾਇਬ ਤਹਿਸੀਲਦਾਰ ਜਸਕਰਨ ਸਿੰਘ ਬਰਾੜ ਦੀ ਸ਼ੱਕੀ ਭੂਮਿਕਾ ਦਾ ਪਤਾ ਲੱਗਣ ਤੋਂ ਬਾਅਦ ਹੀ ਵਿਜੀਲੈਂਸ ਨੇ ਉਸ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਸੀ।