ਪੰਜਾਬ ਦੇ ਹਵਾਈ ਅੱਡਿਆਂ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ : ਸੀਚੇਵਾਲ
ਜਲੰਧਰ/ਬਿਊਰੋ ਨਿਊਜ਼ : ਭਾਰਤੀ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਦਿਆਂ ਨੂੰ ਬਾਖੂਬੀ ਉਭਾਰਿਆ। ਹੁਣ ਤੱਕ ਵੱਖ-ਵੱਖ ਮੰਤਰਾਲਿਆਂ ਕੋਲ ਸੰਤ ਸੀਚੇਵਾਲ ਵੱਲੋਂ ਚੁੱਕੇ ਗਏ 14 ਦੇ ਕਰੀਬ ਸਵਾਲਾਂ ਦੇ ਜਵਾਬ ਆ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਦੇ ਹਵਾਈ ਅੱਡਿਆਂ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਹੈ।
ਸੀਚੇਵਾਲ ਵੱਲੋਂ ਕੀਤੇ ਗਏ ਲਿਖਤੀ ਸਵਾਲਾਂ ਵਿੱਚ ਪੰਜਾਬ ’ਚ ਪਾਣੀ ਦੇ ਸੰਕਟ ਦਾ ਮੁੱਦਾ ਵੀ ਸ਼ਾਮਲ ਹੈ। ਉਨ੍ਹਾਂ ਨੇ ਵਰਲਡ ਨੇਚਰ ਫੰਡ ਦੀ ਰਿਪੋਰਟ ਸਾਂਝੀ ਕੀਤੀ, ਜਿਸ ਅਨੁਸਾਰ 2050 ਤੱਕ ਪਾਣੀ ਦੇ ਸੰਕਟ ਦਾ ਸਾਹਮਣਾ ਕਰਨ ਵਾਲੇ 30 ਸ਼ਹਿਰਾਂ ਵਿੱਚ ਪੰਜਾਬ ਦੇ ਤਿੰਨ ਸ਼ਹਿਰ ਜਲੰਧਰ, ਲੁਧਿਆਣਾ ਅਤੇ ਅੰਮਿ੍ਤਸਰ ਵੀ ਸ਼ਾਮਲ ਹਨ। ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਸ਼ਹਿਰਾਂ ਵਿੱਚ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਕਿਹੜੇ ਕਦਮ ਚੁੱਕੇ ਗਏ ਹਨ। ਰਾਜ ਸਭਾ ਮੈਂਬਰ ਨੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ, ਵਾਤਾਵਰਨ ਨੂੰ ਬਚਾਉਣ ਅਤੇ ਲੋਕ ਹਿੱਤ ਦੇ ਮੁੱਦਿਆਂ ਸਬੰਧੀ ਸਵਾਲ ਵੀ ਕੀਤੇ ਹਨ। ਇਸੇ ਤਰ੍ਹਾਂ ਉਨ੍ਹਾਂ ਪੰਜਾਬ ਅਤੇ ਦੇਸ਼ ’ਚ ਵਧ ਰਹੇ ਕੈਂਸਰ ਦੇ ਮਾਮਲਿਆਂ ਸਬੰਧੀ ਵੀ ਸਵਾਲ ਚੁੱਕੇ ਹਨ।