ਮੁੱਖ ਮੰਤਰੀ ਭਗਵੰਤ ਮਾਨ ਵੀ ਸਹੁੰ ਚੁੱਕ ਸਮਾਗਮ ’ਚ ਰਹੇ ਹਾਜ਼ਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਬੁੱਧਵਾਰ ਨੂੰ ਅਹੁਦੇ ਦੀ ਸਹੁੰ ਚੁੱਕ ਲਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੂ ਨੇ ਰਾਜਸਥਾਨ ਨਾਲ ਸਬੰਧਤ ਕਟਾਰੀਆ ਨੂੰ ਪੰਜਾਬ ਦੇ ਰਾਜਪਾਲ ਅਹੁਦੇ ਦੀ ਸਹੁੰ ਚੁਕਾਈ। ਕਟਾਰੀਆ ਦੇ ਸਹੁੰ ਚੁੱਕ ਸਮਾਗਮ ਵਿਚ ਰਾਜਸਥਾਨ ਤੋਂ ਵੀ 200 ਦੇ ਕਰੀਬ ਮਹਿਮਾਨ ਪਹੁੰਚੇ। ਇਨ੍ਹਾਂ ਸਾਰੇ ਮਹਿਮਾਨਾਂ ਦਾ ਭਰਵਾਂ ਸਵਾਗਤ ਵੀ ਕੀਤਾ ਗਿਆ। ਕਟਾਰੀਆ ਪੰਜਾਬ ਦੇ ਰਾਜਪਾਲ ਦੇ ਨਾਲ-ਨਾਲ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਦਾ ਕੰਮਕਾਜ ਵੀ ਦੇਖਣਗੇ। ਇਸ ਸਹੁੰ ਚੁੱਕ ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਰੇਅ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਰਾਜਪਾਲ ਬੀ.ਐਲ. ਪੁਰੋਹਿਤ ਅਤੇ ਸੀਐਮ ਭਗਵੰਤ ਮਾਨ ਵਿਚਾਲੇ ਲੰਮਾ ਸਮਾਂ ਸਿਆਸੀ ਟਕਰਾਅ ਚੱਲਦਾ ਰਿਹਾ ਅਤੇ ਦੋਵੇਂ ਇਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਵੀ ਕਰਦੇ ਰਹੇ। ਇਸਦੇ ਚੱਲਦਿਆਂ ਬੀਐਲ ਪੁਰੋਹਿਤ ਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੁਝ ਦਿਨ ਪਹਿਲਾਂ ਰਾਸ਼ਟਰਪਤੀ ਨੇ ਬੀਐਲ ਪੁਰੋਹਿਤ ਦਾ ਅਸਤੀਫਾ ਮਨਜੂਰ ਕਰ ਲਿਆ ਸੀ ਅਤੇ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਰਾਜਪਾਲ ਬਣਾ ਦਿੱਤਾ ਗਿਆ ਹੈ।