ਸਤਸੰਗ ਤੋਂ ਬਾਅਦ ਮਚੀ ਭਗਦੜ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ 122 ਹੋਈ
ਲਖਨਊ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਵਿਚ ਇਕ ਧਾਰਮਿਕ ਸਥਾਨ ’ਤੇ ਸਤਸੰਗ ਤੋਂ ਬਾਅਦ ਮਚੀ ਭਗਦੜ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ 122 ਹੋ ਗਈ ਹੈ। ਪ੍ਰਸ਼ਾਸਨ ਨੇ 121 ਮੌਤਾਂ ਦੀ ਪੁਸ਼ਟੀ ਵੀ ਕਰ ਦਿੱਤੀ ਹੈ। ਇਹ ਭਿਆਨਕ ਹਾਦਸਾ ਲੰਘੇ ਕੱਲ੍ਹ ਮੰਗਲਵਾਰ ਨੂੰ ਦੁਪਹਿਰੇ 1 ਵਜੇ ਯੂਪੀ ਦੇ ਹਾਥਰਸ ਜ਼ਿਲ੍ਹੇ ਵਿਚ ਪੈਂਦੇ ਪਿੰਡ ਫੁਲਰਈ ਵਿਚ ਵਾਪਰਿਆ ਹੈ।
ਪੁਲਿਸ ਨੇ ਇਸ ਭਿਆਨਕ ਹਾਦਸੇ ਦੇ ਮਾਮਲੇ ਵਿਚ ਧਾਰਮਿਕ ਸਭਾ ਦੇ ਪ੍ਰਬੰਧਕਾਂ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰ ਲਈ ਹੈ। ਇਸ ਹਾਦਸੇ ਤੋਂ ਬਾਅਦ ਧਾਰਮਿਕ ਸਥਾਨ ਦਾ ਮੁਖੀ ਭੋਲੇ ਬਾਬਾ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਿਕੰਦਰ ਰਾਓ ਪੁਲਿਸ ਸਟੇਸ਼ਨ ਵਿਚ ਦਰਜ ਪਹਿਲੀ ਸੂਚਨਾ ਰਿਪੋਰਟ ਵਿਚ ਮੁੱਖ ਸੇਵਾਦਾਰ ਦੇਵਪ੍ਰਕਾਸ਼ ਮਧੂਕਰ ਅਤੇ ਹੋਰ ਪ੍ਰਬੰਧਕਾਂ ਦਾ ਨਾਮ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਐਫ਼.ਆਈ.ਆਰ. ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਦੇ ਤਹਿਤ ਦਰਜ ਕੀਤੀ ਗਈ ਹੈ।