ਪੰਜਾਬੀ ਸਭਿਆਚਾਰ ਨਾਲ ਬੱਚਿਆਂ ਨੂੰ ਵੀ ਜੋੜੋ : ਅਸ਼ੋਕ ਪਰਾਸ਼ਰ ਪੱਪੀ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਭੰਗੜਾ ਸਮਰ ਕੈਂਪ ਵਿਚ ਖੂਬ ਭੰਗੜਾ ਪਾਇਆ ਹੈ। ਅਸ਼ੋਕ ਪਰਾਸ਼ਰ ਪੱਪੀ ਲੋਕ ਸਭਾ ਚੋਣਾਂ ਵਿਚ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਸਨ, ਪਰ ਉਹ ਚੋਣ ਹਾਰ ਗਏ।
ਪਿਛਲੇ ਦਿਨੀਂ ਗਰਮੀਆਂ ਦੀਆਂ ਚੱਲ ਰਹੀਆਂ ਛੁੱਟੀਆਂ ਦੌਰਾਨ ਲੁਧਿਆਣਾ ਯੂਥ ਫੈਡਰੇਸ਼ਨ ਵਲੋਂ ਭੰਗੜਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਅਤੇ ਇਸ ਕੈਂਪ ਵਿਚ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਵੀ ਬੁਲਾਇਆ ਗਿਆ ਸੀ। ਇਸ ਦੌਰਾਨ ਬੱਚਿਆਂ ਨੂੰ ਭੰਗੜਾ ਪਾਉਂਦੇ ਦੇਖ ਕੇ ਵਿਧਾਇਕ ਪੱਪੀ ਖੁਦ ਵੀ ਭੰਗੜਾ ਪਾਉਣ ਲੱਗ ਪਏ। ਢੋਲ ਦੀ ਤਾਨ ’ਤੇ ਵਿਧਾਇਕ ਨੇ ਖੂਬ ਭੰਗੜਾ ਪਾਇਆ।
ਇਸ ਮੌਕੇ ਵਿਧਾਇਕ ਪੱਪੀ ਨੇ ਕਿਹਾ ਕਿ ਅੱਜ ਪੰਜਾਬੀ ਸਭਿਅਚਾਰ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੱਚੇ ਅੱਜ ਕੱਲ੍ਹ ਅਕਸਰ ਹੀ ਮੋਬਾਇਲ ਫੋਨਾਂ ’ਤੇ ਬਿਜੀ ਰਹਿੰਦੇ ਹਨ, ਜੋ ਸਿਹਤ ਦੇ ਲਈ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨ ਲਈ ਉਨ੍ਹਾਂ ਨੂੰ ਭੰਗੜਾ, ਗਿੱਧਾ ਅਤੇ ਹੋਰ ਅਜਿਹੀਆਂ ਸਰਗਰਮੀਆਂ ਲਈ ਕਲਾਸਾਂ ਜੁਆਇਨ ਕਰਵਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਅਜਿਹੇ ਕੈਂਪਾਂ ਦੀ ਸ਼ਲਾਘਾ ਵੀ ਕੀਤੀ।